February 5, 2025
#ਪ੍ਰਮੁੱਖ ਖ਼ਬਰਾਂ #ਭਾਰਤ

ਪੈਟਰੋਲ-ਡੀਜਲ ‘ਤੇ ਟੈਕਸ ਘੱਟ ਨਹੀਂ ਹੋਵੇਗਾ : ਵਿੱਤ ਮੰਤਰੀ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸਾਫ ਕਿਹਾ ਹੈ ਕਿ ਪੈਟਰੋਲ-ਡੀਜਲ ‘ਤੇ ਕਿਸੇ ਤਰ੍ਹਾਂ ਦਾ ਟੈਕਸ ਘੱਟ ਨਹੀਂ ਹੋਵੇਗਾ। ਇਸ ਤੋਂ ਇਲਾਵਾ ਨਾ ਹੀ ਜੀ.ਐਸ.ਟੀ. ਦੇ ਦਾਇਰੇ ‘ਚ ਆਵੇਗਾ, ਕਿਉਂਕਿ ਇਹ ਪਹਿਲਾਂ ਹੀ ਜੀ.ਐਸ.ਟੀ. ਦੀ ਜੀਰੋ ਰੇਟ ਕੈਟਾਗਿਰੀ ‘ਚ ਆਉਂਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਲੋਕ ਸਭਾ ‘ਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਪੂਰੀ ਦੁਨੀਆ ‘ਚ ਕੋਈ ਅਜਿਹਾ ਦੇਸ਼ ਨਹੀਂ ਹੈ, ਜਿੱਥੇ ਪੈਟਰੋਲ-ਡੀਜਲ ਦੀ ਕੀਮਤ ਇੱਕ ਸਮੇਂ ਸਥਿਰ ਰਹਿੰਦੀ ਹੋਵੇ। ਜੀਐਸਟੀ ਦੇ ਦਾਇਰੇ ‘ਚ ਪੈਟਰੋਲ-ਡੀਜਲ ਨੂੰ ਲਿਆਉਣ ਦੇ ਸਵਾਲ ‘ਤੇ ਵਿੱਤ ਮੰਤਰੀ ਨੇ ਕਿਹਾ ਕਿ ਇਹ ਦੋਵੇਂ ਚੀਜ਼ਾਂ ਪਹਿਲਾਂ ਤੋਂ ਜੀਐਸਟੀ ‘ਚ ਹਨ। ਇਹ ਜੀਐਸਟੀ ਦੇ ਜੀਰੋ ਰੇਟ ਕੈਟਾਗਰੀ ‘ਚ ਆਉਂਦੇ ਹਨ। ਇਨ੍ਹਾਂ ਰੇਟਾਂ ਬਾਰੇ ਜੀਐਸਟੀ ਕਮੇਟੀ ਫੈਸਲਾ ਲੈਂਦੀ ਹੈ। ਇਸ ਕਮੇਟੀ ‘ਚ ਵਿੱਤ ਮੰਤਰੀ ਪ੍ਰਧਾਨ ਹੁੰਦੇ ਹਨ ਅਤੇ ਸੂਬਿਆਂ ਦੇ ਵਿੱਤ ਮੰਤਰੀ ਮੈਂਬਰ। ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੈਟਰੋਲ-ਡੀਜਲ ‘ਤੇ ਕਿਸੇ ਤਰ੍ਹਾਂ ਦਾ ਟੈਕਸ ਘਟਾਉਣ ਦਾ ਕੋਈ ਮਤਾ ਨਹੀਂ ਹੈ। ਫਿਲਹਾਲ ਪੈਟਰੋਲ ਦੀ ਕੀਮਤ ਦਿੱਲੀ ‘ਚ 74 ਰੁਪਏ ਦੇ ਪਾਰ ਚਲੀ ਗਈ ਹੈ। ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਸਾਫ ਕੀਤਾ ਕਿ ਇਨ੍ਹਾਂ ਦੋਹਾਂ ਚੀਜਾਂ ‘ਤੇ ਕੋਈ ਨਵਾਂ ਟੈਕਸ ਲਗਾਉਣ ਦਾ ਵੀ ਮਤਾ ਨਹੀਂ ਹੈ। ਕੇਂਦਰ ਸਰਕਾਰ ਪੈਟਰੋਲ-ਡੀਜਲ ‘ਤੇ ਕਈ ਤਰ੍ਹਾਂ ਦੀ ਐਕਸਾਈਜ਼ ਅਤੇ ਕਸਟਮ ਡਿਊਟੀ ਲਗਾਉਂਦੀ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਵੀ ਵੈਟ ਅਤੇ ਸਥਾਨਕ ਕਰ ਲਗਾਉਂਦੀ ਹੈ। ਕਿਸਾਨਾਂ ਨੂੰ ਸਬਸਿਡੀ ‘ਤੇ ਡੀਜਲ ਦੇਣ ਦੇ ਸਵਾਲ ‘ਤੇ ਵਿੱਤ ਮੰਤਰੀ ਨੇ ਕੋਈ ਜਵਾਬ ਨਾ ਦਿੱਤਾ ਅਤੇ ਕਿਹਾ ਕਿ ਇਹ ਸਿਰਫ ਸੂਬਾ ਸਰਕਾਰਾਂ ਕਰ ਸਕਦੀਆਂ ਹਨ।