February 5, 2025
#ਪੰਜਾਬ #ਪ੍ਰਮੁੱਖ ਖ਼ਬਰਾਂ

ਪੰਜਾਬ ‘ਚ ਹਾਈਪਰਲੂਪ ਟਰਾਂਸਪੋਰਟ ਪ੍ਰੋਜੈਕਟ ਦੇ ਅਧਿਐਨ ਲਈ ਸਰਕਾਰ ਵੱਲੋਂ ਵਰਜਿਨ ਹਾਈਪਰਲੂਪ ਕੰਪਨੀ ਨਾਲ ਸਮਝੌਤਾ ਸਹੀਬੱਧ

ਅੰਮ੍ਰਿਤਸਰ-ਲੁਧਿਆਣਾ-ਚੰਡੀਗੜ੍ਹ ਕੋਰੀਡੌਰ ਦੀ ਸੰਭਾਵਨਾ ਤਲਾਸ਼ੀ ਜਾਵੇਗੀ

ਚੰਡੀਗੜ੍ਹ – ਪੰਜਾਬ ਸਰਕਾਰ ਨੇ ਅੰਮ੍ਰਿਤਸਰ-ਲੁਧਿਆਣਾ-ਚੰਡੀਗੜ੍ਹ-ਕੌਮੀ ਰਾਜਧਾਨੀ ਖੇਤਰ ਕੌਰੀਡੋਰ ਵਿੱਚ ਹਾਈਪਰਲੂਪ ਟਰਾਂਸਪੋਰਟ ਬੁਨਿਆਦੀ ਢਾਂਚਾ ਪ੍ਰੋਜੈਕਟ ਦੀ ਸੰਭਾਵਨਾ ਤਲਾਸ਼ਣ ਦਾ ਫੈਸਲਾ ਕੀਤਾ ਹੈ ਤਾਂ ਕਿ ਖੇਤਰ ਵਿੱਚ ਅੰਤਰ-ਸ਼ਹਿਰੀ ਆਵਾਜਾਈ ਨੂੰ ਸੁਧਾਰਨ ਦੇ ਨਾਲ-ਨਾਲ ਸੁਚਾਰੂ ਬਣਾਇਆ ਜਾ ਸਕੇ। ਇਨਵੈਸਟਮੈਂਟ ਪ੍ਰਮੋਸ਼ਨ ਦੇ ਵਧੀਕ ਪ੍ਰਮੁੱਖ ਸਕੱਤਰ ਵਿੰਨੀ ਮਹਾਜਨ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਅੱਜ ਲਾਸ ਏਂਜਲਸ ਆਧਾਰਤ ਕੰਪਨੀ ਵਰਜਿਨ ਹਾਈਪਰਲੂਪ ਵਨ ਨਾਲ ਇਕ ਸਮਝੌਤਾ ਸਹੀਬੱਧ ਕੀਤਾ ਹੈ ਜੋ ਇਸ ਪ੍ਰੋਜੈਕਟ ਲਈ ਆਰਥਿਕ ਪੱਖੋਂ ਪੂਰਵ ਸੰਭਾਵਨਾਵਾਂ ਘੋਖੇਗੀ। ਇਸ ਕੰਪਨੀ ਨੂੰ ਇਸ ਦੇ ਵੱਡੇ ਨਿਵੇਸ਼ਕਾਰ ਦੁਬਈ ਆਧਾਰਤ ਡੀ.ਪੀ. ਵਰਲਡ ਵੱਲੋਂ ਸਹਿਯੋਗ ਕੀਤਾ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਪੀ. ਵਰਲਡ ਸਬ-ਕੌਂਟੀਨੈਂਟ ਦੇ ਸੀ.ਈ.ਓ. ਅਤੇ ਮੈਨੇਜਿੰਗ ਡਾਇਰੈਕਟਰ ਰਿਜ਼ਵਾਨ ਸੂਮਰ ਦੀ ਮੌਜੂਦਗੀ ਵਿੱਚ ਇਸ ਐਮ.ਓ.ਯੂ. ‘ਤੇ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ. ਸ਼ਿਵਾ ਪ੍ਰਸਾਦ ਅਤੇ ਵਰਜਿਨ ਹਾਈਪਰਲੂਪ ਵਨ ਕੰਪਨੀ ਦੇ ਮੱਧ ਪੂਰਬੀ ਅਤੇ ਭਾਰਤ ਦੇ ਮੈਨੇਜਿੰਗ ਡਾਇਰੈਕਟਰ ਹਰਜ ਧਾਲੀਵਾਲ ਨੇ ਦਸਤਖ਼ਤ ਕੀਤੇ। ਵਰਜਿਨ ਹਾਈਪਰਲੂਪ ਕੰਪਨੀ ਵੱਲੋਂ ਹਰਿਆਣਾ ਸਰਕਾਰ ਨਾਲ ਵੀ ਵੱਖਰਾ ਐਮ.ਓ.ਯੂ. ਕੀਤੇ ਜਾਣਾ ਵਿਚਾਰ ਅਧੀਨ ਹੈ ਤਾਂ ਕਿ ਇਸ ਪ੍ਰਣਾਲੀ ਦੀ ਸੰਭਾਵਨਾ ਦਾ ਮੁਲਾਂਕਣ ਕੀਤਾ ਜਾ ਸਕੇ ਕਿ ਪੰਜਾਬ ਤੋਂ ਇਸ ਦਾ ਰੂਟ ਕੌਮੀ ਰਾਜਧਾਨੀ ਖੇਤਰ ਤੱਕ ਵਧਾਇਆ ਜਾ ਸਕਦਾ ਹੈ। ਇਸ ਕੰਪਨੀ ਦੇ ਅਨੁਮਾਨ ਮੁਤਾਬਕ ਅੰਮ੍ਰਿਤਸਰ-ਲੁਧਿਆਣਾ-ਚੰਡੀਗੜ੍ਹ ਕੌਰੀਡੋਰ ਨਾਲ ਹਾਈਪਰਲੂਪ ਆਵਾਜਾਈ ਪ੍ਰੋਜੈਕਟ ਨਾਲ ਸੜਕ ਰਸਤੇ ਲੱਗਦਾ ਪੰਜ ਘੰਟਿਆਂ ਦਾ ਸਮਾਂ ਘਟ ਕੇ ਅੱਧੇ ਘੰਟੇ ਤੋਂ ਵੀ ਘੱਟ ਰਹਿ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਈਪਰਲੂਪ ਸਿਸਟਮ ਦੇ ਨਿਰਮਾਣ ਲਈ ਪੰਜਾਬ, ਮਹਾਰਾਸ਼ਟਰ ਤੋਂ ਬਾਅਦ ਮੁਲਕ ਦਾ ਦੂਜਾ ਸੂਬਾ ਬਨਣ ਵਿੱਚ ਗਹਿਰੀ ਦਿਲਚਸਪੀ ਰੱਖਦਾ ਹੈ। ਅਸੀਂ ਵਿਸ਼ੇਸ਼ ਤੌਰ ‘ਤੇ ਸੂਬੇ ਵਿੱਚ ਹਾਈਪਰਲੂਪ ਪ੍ਰੋਜੈਕਟ ਦੀ ਸੰਭਾਵਨਾ ਤਲਾਸ਼ਣ ਦੀ ਇੱਛਾ ਰੱਖਦੇ ਹਾਂ ਜਿਸ ਨਾਲ ਮੁਲਕ ਵਿੱਚ ਹੋਰ ਵੱਡੇ ਕੇਂਦਰਾਂ ਨਾਲ ਜੁੜਿਆ ਜਾ ਸਕਦਾ ਹੈ। ਭਵਿੱਖ ਵਿੱਚ ਇਸ ਪ੍ਰੋਜੈਕਟ ਨੂੰ ਪੰਜਾਬ ਤੋਂ ਬਾਹਰ ਐਨ.ਸੀ.ਆਰ. ਨਾਲ ਵੀ ਜੋੜਿਆ ਜਾ ਸਕਦਾ ਹੈ। ਨਿਵੇਸ਼ ਪੰਜਾਬ ਦੇ ਸਲਾਹਕਾਰ ਮੋਸ਼ੇ ਕੋਹਲੀ ਮੁਤਾਬਕ ਹਾਈਪਰਲੈਪ ਪ੍ਰੋਜੈਕਟ ਦਾ ਪੂਰਵ ਸੰਭਾਵਿਤ ਅਧਿਐਨ ਛੇ ਹਫ਼ਤਿਆਂ ਵਿੱਚ ਮੁਕੰਮਲ ਹੋ ਜਾਵੇਗਾ। ਇਸ ਵਿੱਚ ਪ੍ਰੋਜੈਕਟ ਦੀ ਕੀਮਤ ਮੰਗ ਅਤੇ ਕੌਰੀਡੋਰ ਦੇ ਸਾਮਾਜਿਕ, ਆਰਥਿਕ ਲਾਭ ਵਰਗੇ ਵੱਖ-ਵੱਖ ਪਹਿਲੂਆਂ ਦਾ ਮੁਲਾਂਕਣ ਕੀਤਾ ਜਾਵੇਗਾ।