ਬਾਇਓ-ਮੈਡੀਕਲ ਰਹਿੰਦ-ਖੂਹੰਦ ਨੂੰ ਨਿਯਮਾਂ ਮੁਤਾਬਕ ਸੁਰੱਖਿਅਤ ਤੇ ਵਿਆਗਨਕ ਢੰਗ ਨਾਲ ਹੀ ਨਿਪਟਾਇਆ ਜਾਵੇ : ਬਲਬੀਰ ਸਿੰਘ ਸਿੱਧੂ
ਬਾਇਓ-ਮੈਡੀਕਲ ਰਹਿੰਦ-ਖੂਹੰਦ ਮਾਨਵਤਾ ਤੇ ਵਾਤਾਵਰਣ ਲਈ ਇੱਕ ਵੱਡਾ ਖ਼ਤਰਾ
ਚੰਡੀਗੜ – ਬਾਇਓ ਮੈਡੀਕਲ ਵੇਸਟ (ਬੀ.ਐਮ.ਡਬਲਯ) ਮੈਨੇਜਮੈਂਟ ਦੇ ਰੂਲਜ਼ 2016 ਦੀ ਉਲੰਘਣਾ ਦੇ ਸਬੰਧ ’ਚ ਆਈਆਂ ਰਿਪੋਰਟਾਂ ਦਾ ਗੰਭੀਰ ਨੋਟਿਸ ਲੈਂਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਉਕਤ ਨਿਯਮਾਂ ਦੀ ਪਾਲਣਾ ਲਈ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸਹੂਲਤਾਂ ਦੇਣ ਵਾਲੀਆਂ ਸੰਸਥਾਵਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਸ.ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਬਾਇਓ ਮੈਡੀਕਲ ਰਹਿੰਦ-ਖੂੰਹਦ ਮਨੁੱਖਤਾ ਅਤੇ ਵਾਤਾਵਰਣ ਲਈ ਇਕ ਸੰਭਾਵਤ ਖ਼ਤਰਾ ਹੈ ਜਿਸ ਤਰਾਂ ਪਰਾਲੀ ਸਾੜਨ, ਸਨਅੱਤੀ ਰਹਿੰਦ-ਖੂੰਹਦ, ਸੀਵਰੇਜ ਅਤੇ ਹੋਰ ਪ੍ਰਦੂਸ਼ਣ ਹਨ। ਜਿਸ ਲਈ ਬਾਇਓ-ਮੈਡੀਕਲ ਰਹਿੰਦ-ਖੂਹੰਦ ਨੂੰ ਨਿਯਮਾਂ ਮੁਤਾਬਕ ਸੁਰੱਖਿਅਤ ਤੇ ਵਿਆਗਨਕ ਢੰਗ ਨਾਲ ਹੀ ਨਿਪਟਾਇਆ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੀਆਂ ਕਈ ਸੰਸਥਾਵਾਂ ਆਪਣੇ ਬਾਇਓ ਮੈਡੀਕਲ ਰਹਿੰਦ-ਖੂੰਹਦ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਨਹੀਂ ਕਰ ਰਹੀਆਂ ਜਿਸ ਨਾਲ ਵੱਡੇ ਪੱਧਰ ’ਤੇ ਸੰਕਰਮਿਤ ਬਿਮਾਰੀਆਂ ਖਾਸ ਕਰਕੇ ਐਚ.ਆਈ.ਵੀ, ਹੈਪੇਟਾਈਟਸ ਬੀ ਅਤੇ ਸੀ ਅਤੇ ਟੈਟਨਸ ਵਿਚ ਵਾਧਾ ਹੁੰਦਾ ਹੈ।ਉਨਾਂ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਸੁਰੱਖਿਅਤ ਅਤੇ ਬਿਮਾਰੀ ਮੁਕਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਸੰਬੰਧੀ ਕਈ ਵੱਖ ਵੱਖ ਕਦਮ ਚੁੱਕੇ ਗਏ ਹਨ।ਸ੍ਰੀ ਬਲਬੀਰ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜ਼ਿਲਾ ਅਤੇ ਬਲਾਕ ਪੱਧਰ ‘ਤੇ ਬਾਇਓ ਵੇਸਟ ਮੈਨੇਜਮੈਂਟ ਸੰਬੰਧੀ ਨਿਰੰਤਰ ਸਿਖਲਾਈ ਦਿੱਤੀ ਜਾ ਰਹੀ ਹੈ ਉਨਾਂ ਕਿਹਾ ਕਿ ਸਿਵਲ ਸਰਜਨਾਂ ਨੂੰ ਨਿਰਦੇਸ਼ ਵੀ ਦਿੱਤੇ ਹਨ ਕਿ ਉਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਮਾਪਦੰਡਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ।ਮੰਤਰੀ ਨੇ ਕਿਹਾ ਕਿ ਵਾਟਰ (ਪ੍ਰੀਵੈਨਸ਼ਨ ਐਂਡ ਕੰਟਰੋਲ ਆਫ ਪਲਿਊਸ਼ਨ) ਐਕਟ, 1974 ਅਤੇ ਏਅਰ (ਪ੍ਰੀਵੈਨਸ਼ਨ ਐਂਡ ਕੰਟਰੋਲ ਆਫ ਪਲਿਊਸ਼ਨ) ਐਕਟ, 1981 ਤਹਿਤ ਆਉਂਦੇ ਸਾਰੇ ਹਸਪਤਾਲਾਂ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਕੰਮ ਕਰਨ ਸਬੰਧੀ ਸਹਿਮਤੀ ਲੈਣੀ ਲਾਜ਼ਮੀ ਹੈ। ਉਨਾਂ ਕਿਹਾ ਕਿ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਦਿਆਂ ਬਾਇਓ ਮੈਡੀਕਲ ਰਹਿੰਦ-ਖੂੰਹਦ ਦਾ ਰਿਕਾਰਡ ਹਰੇਕ ਸਿਹਤ ਸੰਸਥਾ ਦੁਆਰਾ ਢੁਕਵੇਂ ਪ੍ਰਬੰਧਾਂ ਅਨੁਸਾਰ ਰੱਖਿਆ ਜਾਣਾ ਜਰੂਰੀ ਹੈ ਜਿਸਦਾ ਆਡਿਟ ਰਾਜ ਅਤੇ ਜ਼ਿਲਾ ਪੱਧਰੀ ਜਾਂਚ ਟੀਮਾਂ ਦੁਆਰਾ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ। ਉਨਾਂ ਇਹ ਵੀ ਕਿਹਾ ਹੈ ਕਿ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਗਲਤ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਸ੍ਰੀ ਬਲਬੀਰ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਕਿ ਬਾਇਓ-ਮੈਡੀਕਲ ਕੂੜੇ ਦਾ ਅਰਥ ਹੈ ਕੋਈ ਠੋਸ ਅਤੇ / ਜਾਂ ਤਰਲ ਕੂੜਾ ਜਿਸ ਵਿੱਚ ਇਸ ਦੇ ਡੱਬੇ ਅਤੇ ਕੋਈ ਵੀ ਵਿਚਕਾਰਲਾ ਉਤਪਾਦ ਸ਼ਾਮਲ ਹੁੰਦਾ ਹੈ, ਜੋ ਮਨੁੱਖਾਂ ਜਾਂ ਜਾਨਵਰਾਂ ਦੀ ਜਾਂਚ, ਇਲਾਜ ਜਾਂ ਟੀਕਾਕਰਨ ਦੌਰਾਨ ਪੈਦਾ ਹੁੰਦਾ ਹੈ ਜਾਂ ਇਸ ਨਾਲ ਸਬੰਧਤ ਜਾਂ ਖੋਜ ਕਾਰਜ ਜੈਵਿਕ ਜਾਂ ਸਿਹਤ ਕੈਂਪਾਂ ਦੇ ਉਤਪਾਦਨ ਜਾਂ ਟੈਸਟਿੰਗ ਜਿਵੇਂ ਕਿ ਮਨੁੱਖੀ ਸਰੀਰ ਵਿਗਿਆਨਕ ਰਹਿੰਦ-ਖੂਹੰਦ ਜਿਵੇਂ ਟਿਸ਼ੂਆਂ, ਅੰਗਾਂ ਅਤੇ ਸਰੀਰ ਦੇ ਅੰਗ, ਕੂੜੇ ਦੇ ਭਾਂਡੇ ਜਿਵੇਂ ਹਾਈਪੋਡਰਮਿਕ ਸੂਈਆਂ, ਸਰਿੰਜਾਂ, ਟੁੱਟੇ ਸ਼ੀਸ਼ੇ, ਨਾ-ਵਰਤਣਯੋਗ ਦਵਾਈਆਂ, ਖੂਨ ਦੀਆਂ ਥੈਲੀਆਂ, ਰਬੜ ਦੇ ਦਸਤਾਨੇ, ਸਾਰੀਆਂ ਵਰਤੀਆਂ ਮੈਡੀਕਲ ਵਸਤਾਂ ਅਤੇ ਸਾਇਟੋਟੌਕਸਿਕ ਦਵਾਈਆਂ ਆਦਿ ਦਾ ਬੀ.ਐਮ.ਡਬਲਯੂ ਨਿਯਮਾਂ ਅਨੁਸਾਰ ਵਿਗਿਆਨਕ ਤੌਰ ਤੇ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ।