February 5, 2025
#ਪੰਜਾਬ

ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਾਵਾ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ‘ਸਵੱਛ ਕੈਂਪਸ ‘ ਐਵਾਰਡ ਜਿੱਤਣ ‘ਤੇ ਵਧਾਈ

ਦੇਸ਼ ਭਰ ਦੀਆਂ ਵੱਡੇ ਕੈਂਪਸ ਵਾਲੀਆਂ ਮਲਟੀਸਪੈਸ਼ਿਲਟੀ ਸਰਕਾਰੀ ਯੂਨੀਵਰਸਿਟੀਆਂ ਵਿੱਚ ਜੀ.ਐਨ.ਡੀ.ਯੂ ਸਭ ਤੋਂ ਸਾਫ-ਸੁਥਰੀ

ਚੰਡੀਗੜ – ਉਚੇਰੀ ਸਿੱਖਿਆ ਮੰਤਰੀ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸਵੱਛ ਕੈਂਪਸ ਰੈਂਕਿੰਗ -2019 ਤਹਿਤ ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲੇ( ਐਮ.ਐਚ.ਆਰ.ਡੀ) ਵਲੋਂ ਕਰਵਾਏ ਗਏ ਕੌਮੀ ਪੱਧਰ ਦੇ ਮੁਕਾਬਲੇ ਦੇ ਅਧਾਰ ‘ਤੇ ਵੱਡੇ ਕੈਂਪਸਾਂ ਵਾਲੀਆਂ ਦੇਸ਼ ਭਰ ਦੀਆਂ ਮਲਟੀਸਪੈਸ਼ਲਿਟੀ ਸਰਕਾਰੀ ਯੂਨੀਵਰਸਿਟੀਆਂ ਵਿਚ ਵੱਕਾਰੀ ਸਥਾਨ ਹਾਸਲ ਕਰਨ ਲਈ ਵਧਾਈ ਦਿੱਤੀ ਹੈ।ਅੱਜ ਇਥੇ ਪੰਜਾਬ ਸਰਕਾਰ ਦੇ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਵਿੱਚ 400 ਤੋਂ ਵੱਧ ਪਬਲਿਕ ਯੂਨੀਵਰਸਿਟੀਸਆਂ ਹਨ ਅਤੇ ਵੱਡੇ ਕੈਂਪਸਾਂ ਵਾਲੀਆਂ ਮਲਟੀਸਪੈਸ਼ਲਿਟੀ ਪਬਲਿਕ ਯੂਨੀਵਰਸਿਟੀਆਂ ਵਿੱਚੋਂ ਜੀ.ਐਨ.ਡੀ.ਯੂ ਕੈਂਪਸ ,ਸਭ ਤੋਂ ਵੱਧ ‘ਸਵੱਛ ਕੈਂਪਸ’ ਦਾ ਮਾਣ ਹਾਸਲ ਕਰਕੇ ਅੱਵਲ ਰਹੀ ਹੈ।। ਸਮੁੱਚੇ ਦੇਸ਼ ਦੀਆਂ ਸਾਰੀਆਂ ਸਰਕਾਰੀ ਯੂਨੀਵਰਸਿਟੀਆਂ(ਵੱਡੇ ਅਤੇ ਛੋਟੇ ਕੈਂਪਸ ਵਾਲੀਆਂ) ਓਵਰਆਲ ਮੁਕਾਬਲੇ ਵਿਚੋਂ ਜੀ.ਐਨ.ਡੀ.ਯੂ ਦੂਜੇ ਨੰਬਰ ‘ਤੇ ਹੈ। ਪਿਛਲੇ ਸਾਲ ਵੀ, ਇਸ ਯੂਨੀਵਰਸਿਟੀ ਨੂੰ ਸਰਕਾਰੀ ਯੂਨੀਵਰਸਿਟੀਆਂ ਦੀ ਸ਼੍ਰੇਣੀ ਵਿੱਚ ਦੇਸ਼ ਦੀਆਂ ਸਭ ਤੋਂ ਵੱਧ ਸਾਫ ਸੁਥਰੀਆਂ ਉੱਚ ਵਿਦਿਅਕ ਸੰਸਥਾਵਾਂ ਵਿੱਚੋਂ ਦੂਜਾ ਸਥਾਨ ਪ੍ਰਾਪਤ ਹੋਇਆ ਸੀ। 500 ਏਕੜ ਵਿਚ ਫੈਲੀ ਜੀ.ਐਨ.ਡੀ.ਯੂ ਦੇ ਕੈਂਪਸ ਵਿੱਚ 12000 ਦੇ ਕਰੀਬ ਵਿਦਿਆਰਥੀ ਹਨ ਅਤੇ 1000 ਤੋਂ ਵੀ ਘੱਟ ਵਿਦਿਆਰਥੀ ਵਾਲੀਆਂ ਸੰਸਥਾਵਾਂ ਦੇ ਮੁਕਾਬਲੇ ਇਨੇ ਵਿਦਿਆਰਥੀਆਂ ਦੀ ਸਵੱਛਤਾ ਬਣਾਈ ਰੱਖਣਾ ਬੜਾ ਮੁਸ਼ਕਲ ਹੈ ਪਰ ਇਸਦੇ ਬਾਵਜੂਦ ਵੀ ਜੀ.ਐਨ.ਡੀ.ਯ ਯੂ ਸਰਕਾਰੀ ਯੂਨੀਵਰਸਿਟੀਆਂ ਵਿਚ ਦੂਜਾ ਸਥਾਨ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਸਾਲ ਇਸ ਸਵੱਛਤਾ ਮੁਕਾਬਲੇ ਵਿੱਚ 6900 ਉਚੇਰੀ ਸਿੱਖਿਆ ਸੰਸਥਾਵਾਂ ਨੇ ਹਿੱਸਾ ਲਿਆ ਸੀ।ਮੰਗਲਵਾਰ ਨੂੰ ਨਵੀਂ ਦਿੱਲੀ ਵਿਖੇ ਇੱਕ ਪੁਰਸਕਾਰ ਸਮਾਰੋਹ ਦੌਰਾਨ ਜੀ.ਐਨ.ਡੀਯੂ ਦੇ -ਕੁਲਪਤੀ ਪ੍ਰੋਫੈਸਰ (ਡਾ.) ਜਸਪਾਲ ਸਿੰਘ ਸੰਧੂ ਨੇ ਐਮ.ਐਚ.ਆਰ.ਡੀ ਦੇ ਕੇਂਦਰੀ ਮੰਤਰੀ ਸ਼੍ਰੀ ਰਮੇਸ਼ ਪੋਖਰਿਆਲ ਨਿਸ਼ਾਕ. ਤੋਂ ਪੁਰਸਕਾਰ ਪ੍ਰਾਪਤ ਕੀਤਾ।ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲੇ ਨੇ ਵਿਦਿਅਕ ਅਦਾਰਿਆਂ ਨੂੰ “ਉੱਚ ਸਿੱਖਿਆ ਸੰਸਥਾਵਾਂ ਦੀ ਸਵੱਛਤਾ ਸਬੰਧੀ ਦਰਜਾਬੰਦੀ” ਵਿੱਚ ਭਾਗ ਲੈਣ ਲਈ ਸੱਦਾ ਦਿੱਤਾ ਸੀ ਜਿਥੇ ਕੈਂਪਸ ਵਿੱਚ ਸਾਫ-ਸੁਥਰੇ ਤੇ ਸਵੱਛ ਵਾਤਾਵਰਣ ਦੇ ਆਧਾਰ ਅਧਾਰ ‘ਤੇ ਇਹ ਨਿਰਣਾ ਲਿਆ ਗਿਆ। ਇਸ ਸਾਲ ਸਵੱਛਤਾ ਦੇ ਮਾਪਦੰਡਾਂ ਨੂੰ ਕੁਝ ਵਾਧੂ ਵਿਸ਼ੇਸ਼ਤਾਵਾਂ ਸ਼ਾਮਲ ਕਰਨ ਲਈ ਸੋਧਿਆ ਗਿਆ ਸੀ, ਜੋ ਇਕ ਗਤੀਸ਼ੀਲ ਵਾਤਾਵਰਣ ਵਿਚ ਜ਼ਰੂਰੀ ਹਨ। ਜਿਨਾਂ ਵਿੱਚ ਟਾਇਲਟ ਦੀ ਪੂਰੀ ਤਰਾਂ ਦੇਖਭਾਲ ਕਰਨਾ, ਕੂੜੇ -ਕਰਕਟ ਦੀ ਸਫਾਈ, ਹੋਸਟਲ ਕਿਚਨ ਦੀ ਸਫਾਈ, ਪਾਣੀ ਦੀ ਸ਼ੁੱਧਤਾ, ਭੰਡਾਰਨ, ਵੰਡ ਸਹੂਲਤ, ਹਰਿਆਲੀ ਅਤੇ ਮੀਂਹ ਦੇ ਪਾਣੀ ਦੀ ਸੁਚੱਜੀ ਵਰਤੋਂ, ਸੋਲਰ ਪ੍ਰਣਾਲੀਆਂ ਅਤੇ ਪਿੰਡਾਂ ਦੀ ਵਰਤੋਂ ਜਾਂ ਸਫਾਈ ਲਈ ਨੇਬਰਹੁੱਡ ਅਪਣਾਉਣਾ ਆਦਿ ਸ਼ਾਮਲ ਸਨ। ਯੂਨੀਵਰਸਿਟੀ ਵਲੋਂ ਆਫ-ਕੈਂਪਸ ਵਿੱਚ ਸਫਾਈ ਰੱਖਣ ਲਈ ਵਿਸ਼ੇਸ਼ ਧਿਆਨ ਦੇਖਣ ਨੂੰ ਮਿਲਿਆ।ਸਰਕਾਰ ਦੀ ਸਵੱਛਤਾ ਮੁਹਿੰਮ ਦੇ ਹਿੱਸੇ ਵਜੋਂ ਉਚੇਰੀ ਸਿੱਖਿਆ ਸੰਸਥਾਵਾਂ ਦੀ ਸਵੱਛਤਾ ਦਰਜਾਬੰਦੀ ਇੱਕ ਮਹੱਤਵਪੂਰਣ ਸਲਾਨਾ ਅਭਿਆਸ ਹੈ। ਦਰਜਾਬੰਦੀ ਦਾ ਉਦੇਸ਼ ਸੰਸਥਾਵਾਂ ਦਰਮਿਆਨ ਸਿਹਤਮੰਦ ਮੁਕਾਬਲਾ ਪੈਦਾ ਕਰਨ ਅਤੇ ਉਨਾਂ ਨੂੰ ਸਰਬੋਤਮ ਪੁਰਸਕਾਰ ਦੇ ਕੇ ਵਧੇਰੇ ਸਵੱਛ ਬਣਾਉਣਾ ਅਤੇ ਵਾਤਾਵਰਣ ਪ੍ਰਤੀ ਹੋਰ ਜ਼ਿੰਮੇਵਾਰ ਬਣਾਣਾ ਹੈ।ਇੱਕ ਸਵੱਛ ਅਤੇ ਸੁਰੱਖਿਅਤ ਵਾਤਾਵਰਣ ਬਣਾਉਣ ਲਈ ਯੂਨੀਵਰਸਿਟੀ ਨੇ ਵਾਹਨ ਮੁਕਤ ਕੈਂਪਸ, ਮੀਂਹ ਦੇ ਪਾਣੀ ਦੀ ਵਰਤੋਂ, ਧਰਤੀ ਹੇਠਲੇ ਪਾਣੀ ਦੀ ਚਾਰਜਿੰਗ, ਗੰਦੇ ਪਾਣੀ ਦੀ ਸੋਧ, ਠੋਸ ਰਹਿੰਦ-ਖੂੰਹਦ ਪ੍ਰਬੰਧਨ, ਸੌਰ ਪ੍ਰਣਾਲੀਆਂ ਦੀ ਵਰਤੋਂ, ਕੰਜ਼ਰਵੇਟਰੀਆਂ ਵਿੱਚ ਜੈਵ ਵਿਭਿੰਨਤਾ ਦੀ ਸੰਭਾਲ ਕਰਕੇ ਕਾਰਬਨ ਦੇ ਨਿਕਾਸ ਨੂੰ ਘਟਾਉਣ ਵੱਲ ਮਹੱਤਵਪੂਰਨ ਕਦਮ ਚੁੱਕੇ ਹਨ । ਇਸਦੇ ਨਾਲ ਹੀ ਬੋਟੈਨੀਕਲ ਗਾਰਡਨ ਅਤੇ ਵਿਸ਼ਾਲ ਰੁੱਖ ਲਗਾਉ ਮੁਹਿੰਮ ਵੀ ਚੰਗੇ ਉਪਰਾਲੇ ਹਨ।