February 5, 2025
#ਪੰਜਾਬ #ਪ੍ਰਮੁੱਖ ਖ਼ਬਰਾਂ

ਡਾ. ਰਾਮ ਲਾਲ ਜੱਸੀ ਨੇ ਧਰਮਸੋਤ ਦੀ ਹਾਜ਼ਰੀ ‘ਚ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਦਾ ਅਹੁਦਾ ਸੰਭਾਲਿਆ

ਚੰਡੀਗੜ – ਡਾ. ਰਾਮ ਲਾਲ ਜੱਸੀ ਨੇ ਅੱਜ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ। ਇਸ ਮੌਕੇ ਸੂਬੇ ਦੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਅਤੇ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਮੋਹਨ ਲਾਲ ਸੂਦ, ਜਲੰਧਰ ਤੋਂ ਵਿਧਾਇਕ ਸ੍ਰੀ ਸੁਸ਼ੀਲ ਕੁਮਾਰ ਰਿੰਕੂ, ਕਾਰਜਕਾਰੀ ਡਾਇਰੈਕਟਰ ਸ੍ਰੀ ਮਲਵਿੰਦਰ ਸਿੰਘ ਜੱਗੀ, ਨਵ-ਨਿਯੁਕਤ ਵਾਈਸ ਚੇਅਰਮੈਨ ਦੇ ਪਰਿਵਾਰਕ ਮੈਂਬਰ ਤੇ ਪਤਵੰਤੇ ਸੱਜਣ ਹਾਜ਼ਰ ਸਨ। ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸ. ਧਰਮਸੋਤ ਨੇ ਕਿਹਾ ਕਿ ਮੈਨੂੰ ਆਸ ਹੈ ਕਿ ਡਾ. ਜੱਸੀ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਅਨੁਸੂਚਿਤ ਜਾਤੀ ਦੇ ਗਰੀਬ ਲਾਭਪਾਤਰੀਆਂ ਤੱਕ ਪਹੁੰਚਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੇ।ਡਾ. ਰਾਮ ਲਾਲ ਜੱਸੀ ਨੇ ਨਵੀਂ ਜ਼ਿੰਮੇਵਾਰੀ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਵਿਭਾਗ ਦੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨਾਂ ਕਿਹਾ ਕਿ ਉਹ ਸੂਬੇ ਦੇ ਅਨੁਸੂਚਿਤ ਜਾਤੀ ਲੋਕਾਂ ਨੂੰ ਮੁੱਖ ਧਾਰਾ ‘ਚ ਲਿਆਉਣ ਲਈ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨਗੇ। ਉਨਾਂ ਕਿਹਾ ਕਿ ਉਹ ਚੇਅਰਮੈਨ ਨਾਲ ਟੀਮ ਦੇ ਰੂਪ ਵਿੱਚ ਕਾਰਪੋਰੇਸਨ ਨੂੰ ਹੋਰ ਵੀ ਬੁਲੰਦੀਆਂ ਤੇ ਲੈ ਕੇ ਜਾਣਗੇ ਅਤੇ ਅਨੁਸੂਚਿਤ ਜਾਤੀਆਂ ਦੇ ਗਰੀਬ ਪਰਿਵਾਰਾਂ ਨੂੰ ਉੱਚਾ ਚੁੱਕਣ ਵਿੱਚ ਕੋਈ ਕਸਰ ਨਹੀਂ ਛੱਡਣਗੇ।ਇਸ ਮੌਕੇ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ ਸ. ਅਜਿੰਦਰ ਸਿੰਘ, ਮੁੱਖ ਲੇਖਾ ਅਫ਼ਸਰ ਸ੍ਰੀ ਵਿਜੇ ਜਿੰਦਲ ਤੋਂ ਇਲਾਵਾ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।