February 5, 2025
#ਭਾਰਤ

ਪੁਲੀਸ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਨਹੀਂ ਮਿਲੇਗਾ ਮੁਆਵਜਾ: ਯੇਦੀਯੁਰੱਪਾ

ਕਰਨਾਟਕ ਦੇ ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਨੇ ਮੈਂਗਲੁਰੂ ਵਿੱਚ ਪੁਲੀਸ ਦੀ ਗੋਲੀਬਾਰੀ ਦੇ ਦੋ ਪੀੜਤਾਂ ਨੂੰ 10-10 ਲੱਖ ਰੁਪਏ ਦਾ ਮੁਆਵਜਾ ਦੇਣ ਦੇ ਆਪਣੇ ਹੁਕਮ ਨੂੰ ਪਲਟ ਦਿੱਤਾ ਹੈ| ਯੇਦੀਯੁਰੱਪਾ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ 19 ਦਸੰਬਰ ਨੂੰ ਮੈਂਗਲੁਰੂ ਵਿੱਚ ਹੋਈ ਹਿੰਸਾ ਵਿਚ ਪੁਲੀਸ ਦੀ ਗੋਲੀ ਲੱਗਣ ਕਾਰਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਮੁਆਵਜਾ ਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ, ਕਿਉਂਕਿ ਦੋਵੇਂ ਪੀੜਤ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ| ਮੁਆਵਜੇ ਦੇ ਭੁਗਤਾਨ ਦਾ ਫੈਸਲਾ ਸੂਬਾ ਸਰਕਾਰ ਵਲੋਂ ਨਿਰਦੇਸ਼ਿਤ ਸੀ. ਆਈ. ਡੀ. ਅਤੇ ਮੈਜਿਸਟ੍ਰੇਟ ਜਾਂਚ ਦੇ ਪੂਰਾ ਹੋਣ ਤੋਂ ਬਾਅਦ ਲਿਆ ਜਾਵੇਗਾ| ਜੋ ਲੋਕ ਅਪਰਾਧਕ ਦੋਸ਼ ਦਾ ਸਾਹਮਣਾ ਕਰ ਰਹੇ ਹੋਣ, ਉਨ੍ਹਾਂ ਨੂੰ ਮੁਆਵਜਾ ਦੇਣ ਦੀ ਵਿਵਸਥਾ ਨਹੀਂ ਹੈ| ਯੇਦੀਯੁਰੱਪਾ ਨੇ ਸੀਨੀਅਰ ਪੁਲੀਸ ਅਧਿਕਾਰੀਆ ਨਾਲ ਮੀਟਿੰਗ ਕਰ ਕੇ ਸ਼ਹਿਰ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਲਈ| ਮੀਟਿੰਗ ਵਿਚ ਸੂਬੇ ਦੇ ਗ੍ਰਹਿ ਮੰਤਰੀ ਬਸਵਰਾਜ ਬੋਮੰਈ ਹਾਜ਼ਰ ਸਨ|