ਨੁਕਸਾਨ ਦੀ ਵਸੂਲੀ ਲਈ 28 ਜਣਿਆਂ ਨੂੰ ਨੋਟਿਸ
![](https://blastingskyhawk.com/wp-content/uploads/2019/12/14-19.jpg)
ਰਾਮਪੁਰ – ਉੱਤਰ ਪ੍ਰਦੇਸ਼ ਦੇ ਰਾਮਪੁਰ ’ਚ ਸੋਧੇ ਗਏ ਨਾਗਰਿਕਤਾ ਕਾਨੂੰਨ ਖ਼ਿਲਾਫ਼ ਪਿਛਲੇ ਹਫ਼ਤੇ ਹੋਏ ਪ੍ਰਦਰਸ਼ਨਾਂ ਦੌਰਾਨ ਹਿੰਸਾ ਲਈ ਪਛਾਣੇ ਗਏ 28 ਵਿਅਕਤੀਆਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਆਪਣੀ ਸਥਿਤੀ ਸਮਝਾਉਣ ਜਾਂ ਜਨਤਕ ਤੇ ਨਿੱਜੀ ਸੰਪਤੀ ਨੂੰ ਹੋਏ ਨੁਕਸਾਨ ਲਈ ਭੁਗਤਾਨ ਕਰਨ ਨੂੰ ਕਿਹਾ ਹੈ। ਅਧਿਕਾਰੀਆਂ ਮੁਤਾਬਕ ਪੁਲੀਸ ਅਤੇ ਪ੍ਰਸ਼ਾਸਨ ਨੇ ਪੂਰੇ ਜ਼ਿਲ੍ਹੇ ’ਚ ਕਰੀਬ 25 ਲੱਖ ਰੁਪਏ ਦੇ ਨੁਕਸਾਨ ਦਾ ਜਾਇਜ਼ਾ ਲੈਣ ਮਗਰੋਂ ਮੰਗਲਵਾਰ ਨੂੰ ਨੋਟਿਸ ਜਾਰੀ ਕੀਤੇ ਸਨ। ਉਧਰ ਕਾਨੂੰਨ ਖ਼ਿਲਾਫ਼ ਕਾਨਪੁਰ ’ਚ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਦੇ ਮਾਮਲਿਆਂ ਦੀ ਜਾਂਚ ਲਈ ਬੁੱਧਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਈ ਗਈ ਹੈ। ਕਾਨਪੁਰ ਰੇਂਜ ਦੇ ਆਈਜੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਸਿਟ ਦੀ ਅਗਵਾਈ ਵਧੀਕ ਐੱਸਪੀ (ਕ੍ਰਾਈਮ) ਰਾਜੇਸ਼ ਯਾਦਵ ਕਰਨਗੇ। ਟੀਮ ’ਚ ਪੰਜ ਪੁਲੀਸ ਅਧਿਕਾਰੀ ਸ਼ਾਮਲ ਹੋਣਗੇ।ਰਾਮਪੁਰ ’ਚ ਜ਼ਿਲ੍ਹਾ ਮੈਜਿਸਟਰੇਟ ਅੰਜਨਿਆ ਸਿੰਘ ਨੇ ਦੱਸਿਆ,‘‘28 ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਜਿਨ੍ਹਾਂ ਦੀ ਪਛਾਣ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਲਈ ਕੀਤੀ ਗਈ ਹੈ। ਉਨ੍ਹਾਂ ਨੂੰ ਜਵਾਬ ਦੇਣ ਲਈ ਸੱਤ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਸਪੱਸ਼ਟ ਕਾਰਨ ਨਾ ਦੇਣ ’ਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੀ ਇਵਜ਼ ’ਚ ਉਨ੍ਹਾਂ ਤੋਂ ਰਕਮ ਵਸੂਲਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।