February 5, 2025
#ਖੇਡਾਂ

ਰਣਜੀ ਟਰਾਫ਼ੀ ਧਵਨ ਦਾ ਸੈਂਕੜਾ, ਦਿੱਲੀ ਦੀ ਸ਼ਾਨਦਾਰ ਸ਼ੁਰੂਆਤ

ਨਵੀਂ ਦਿੱਲੀ – ਲੈਅ ਵਿੱਚ ਪਰਤੇ ਸ਼ਿਖਰ ਧਵਨ ਦੀਆਂ 137 ਦੌੜਾਂ ਦੀ ਬਦੌਲਤ ਦਿੱਲੀ ਨੇ ਹੈਦਰਾਬਾਦ ਖ਼ਿਲਾਫ਼ ਰਣਜੀ ਟਰਾਫ਼ੀ ਇਲੀਟ ਗਰੁੱਪ ‘ਏ’ ਮੈਚ ਦੇ ਪਹਿਲੇ ਦਿਨ ਛੇ ਵਿਕਟਾਂ ’ਤੇ 269 ਦੌੜਾਂ ਬਣਾਈਆਂ। ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਤੇ ਪ੍ਰਤਿਭਾਸ਼ਾਲੀ ਬੱਲੇਬਾਜ਼ ਪ੍ਰਿਥਵੀ ਸ਼ਾਅ ਮੁੰਬਈ ਵਿੱਚ ਖੇਡੇ ਗਏ ਗਰੁੱਪ ‘ਬੀ’ ਦੇ ਮੈਚ ਵਿੱਚ ਰੇਲਵੇ ਖ਼ਿਲਾਫ਼ ਚੱਲ ਨਹੀਂ ਸਕੇ ਅਤੇ ਉਨ੍ਹਾਂ ਦੀ ਮੁੰਬਈ ਟੀਮ 114 ਦੌੜਾਂ ’ਤੇ ਢੇਰ ਹੋ ਗਈ।ਕੜਾਕੇ ਦੀ ਠੰਢ ਵਿੱਚ ਦਿੱਲੀ ਦੇ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਖੇਡੇ ਜਾ ਰਹੇ ਮੈਚ ਵਿੱਚ ਧਵਨ ਨੇ 198 ਗੇਂਦਾਂ ਦਾ ਸਾਹਮਣਾ ਕਰਕੇ 137 ਦੌੜਾਂ ਬਣਾਈਆਂ। ਬੀਤੇ 15 ਮਹੀਨਿਆਂ ਵਿੱਚ ਪਹਿਲੀ ਸ਼੍ਰੇਣੀ ਮੈਚ ਖੇਡ ਰਹੇ ਧਵਨ ਨੇ 19 ਚੌਕੇ ਅਤੇ ਦੋ ਛੱਕੇ ਜੜੇ। ਇਸ ਤੋਂ ਪਹਿਲਾਂ ਸਵੇਰੇ ਮੁਹੰਮਦ ਸਿਰਾਜ ਨੇ ਕੁਣਾਲ ਚੰਦੇਲਾ (ਇੱਕ) ਅਤੇ ਧਰੁਵ ਸ਼ੋਰੇ ਨੂੰ ਛੇਤੀ ਆਊਟ ਕਰ ਦਿੱਤਾ। ਇੱਕ ਸਮੇਂ ਦਿੱਲੀ ਦਾ ਸਕੋਰ ਪੰਜ ਵਿਕਟਾਂ ’ਤੇ 128 ਦੌੜਾਂ ਸੀ। ਧਵਨ ਨੇ ਅਨੁਜ ਰਾਵਤ (29 ਦੌੜਾਂ) ਨਾਲ ਛੇਵੀਂ ਵਿਕਟ ਲਈ 84 ਦੌੜਾਂ ਦੀ ਭਾਈਵਾਲੀ ਕੀਤੀ। ਨਿਤੀਸ਼ ਰਾਣਾ ਨੇ ਵੀ 25 ਦੌੜਾਂ ਬਣਾਈਆਂ।