ਪ੍ਰੇਮ ਅਤੇ ਸਦਭਾਵਨਾ ਨਾਲ ਮਨਾਈ ਗਈ ਕ੍ਰਿਸਮਸ
![](https://blastingskyhawk.com/wp-content/uploads/2019/12/9-11.jpg)
ਵੈਟੀਕਨ ਸਿਟੀ – ਪੋਪ ਫਰਾਂਸਿਸ ਨੇ ਦੁਨੀਆਂ ਦੇ 1.3 ਅਰਬ ਕੈਥੋਲਿਕਾਂ ਲਈ ਬੁੱਧਵਾਰ ਨੂੰ ਕ੍ਰਿਸਮਸ ਮੌਕੇ ‘ਬਿਨਾਂ ਸ਼ਰਤ ਪ੍ਰੇਮ’ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ,‘‘ਰੱਬ ਸਾਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ। ਸਾਡੇ ’ਚੋਂ ਜੋ ਸਭ ਤੋਂ ਬੁਰਾ ਹੈ, ਉਸ ਨਾਲ ਵੀ ਰੱਬ ਪ੍ਰੇਮ ਕਰਦਾ ਹੈ।’’ ਉਧਰ ਦੁਨੀਆਂ ਭਰ ’ਚ ਵੀ ਕ੍ਰਿਸਮਸ ਦਾ ਤਿਉਹਾਰ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਵੈਟੀਕਨ ’ਚ ਕ੍ਰਿਸਮਸ ਤੋਂ ਪੂਰਬਲੀ ਅੱਧੀ ਰਾਤ ਨੂੰ ਹੋਣ ਵਾਲੇ ਪ੍ਰੋਗਰਾਮ ’ਚ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਪੋਪ ਨੇ ਕਿਹਾ,‘‘ਲੋਕਾਂ ਦੇ ਵਿਚਾਰ ਭਾਵੇਂ ਮਾੜੇ ਹੋ ਗਏ ਹੋਣ ਅਤੇ ਹਾਲਾਤ ਪੂਰੀ ਤਰ੍ਹਾਂ ਨਾਲ ਵਿਗਾੜ ਦਿੱਤੇ ਹੋਣ ਪਰ ਰੱਬ ਅਜੇ ਵੀ ਤੁਹਾਡੇ ਨਾਲ ਪਿਆਰ ਕਰਦਾ ਹੈ।’’ ਇਹ ਸੁਨੇਹਾ ਅਜਿਹੇ ਵਰ੍ਹੇ ਦਿੱਤਾ ਜਾ ਰਿਹਾ ਜਦੋਂ ਪੋਪ ਰੋਮਨ ਕੈਥੋਲਿਕ ਚਰਚ ’ਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਧਾਰੀ ਖਾਮੋਸ਼ੀ ਤੋੜ ਕੇ ਅੱਗੇ ਆਏ ਹਨ। ਇਸ ਦੌਰਾਨ ਹਜ਼ਾਰਾਂ ਫਲਸਤੀਨੀ ਅਤੇ ਵਿਦੇਸ਼ੀ ਬੈਥਲੇਹਮ ’ਚ ਜੁੜੇ ਹੋਏ ਸਨ ਜਿਸ ਨੂੰ ਯਸੂ ਦਾ ਜਨਮ ਅਸਥਾਨ ਮੰਨਿਆ ਜਾਂਦਾ ਹੈ। ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਗਿਰਜਾਘਰ ’ਚ ਹਾਜ਼ਰੀ ਭਰੀ। ਗਾਜ਼ਾ ਪੱਟੀ ਦੇ ਕਰੀਬ 300 ਸ਼ਰਧਾਲੂਆਂ ਨੂੰ ਹੀ ਇਜ਼ਰਾਈਲ ਨੇ ਇਸ ਵਾਰ ਇਥੇ ਆਉਣ ਦੀ ਇਜਾਜ਼ਤ ਦਿੱਤੀ ਸੀ। ਉਧਰ ਪੈਰਿਸ (ਫਰਾਂਸ) ਦੇ ਨੋਟਰ-ਡੇਮ ਕੈਥੇਡਰਲ ’ਚ ਉਦਾਸੀ ਦਾ ਮਾਹੌਲ ਛਾਇਆ ਰਿਹਾ ਕਿਉਂਕਿ 1803 ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਉਥੇ ਕ੍ਰਿਸਮਸ ’ਤੇ ਪ੍ਰਾਰਥਨਾ ਨਹੀਂ ਹੋਈ। ਇਤਿਹਾਸਕ ਚਰਚ ਅਪਰੈਲ ’ਚ ਭਿਆਨਕ ਅੱਗ ਲੱਗਣ ਕਰਕੇ ਨਸ਼ਟ ਹੋ ਗਿਆ ਸੀ।