February 5, 2025
#ਪੰਜਾਬ #ਪ੍ਰਮੁੱਖ ਖ਼ਬਰਾਂ

ਪੰਜਾਬ ਦੇ ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਕੀਤੀ ਮੁੱਢਲੀ ਜਾਂਚ ਤੋਂ ਜੱਗੂ ਅਤੇ ਰੰਧਾਵਾ ਵਿਚਕਾਰ ਕੋਈ ਸਬੰਧ ਸਾਹਮਣੇ ਨਹੀਂ ਆਏ

ਏ.ਡੀ.ਜੀ.ਪੀ. ਜੇਲਾਂ ਨੇ ਸਿਆਸੀ ਦਬਾਅ ਹੇਠ ਪਟਿਆਲਾ ਜੇਲ ਵਿੱਚ ਗੈਂਗਸਟਰ ਨੂੰ 5-ਸਟਾਰ ਸਹਲੂਤਾਂ ਦੇਣ ਦੇ ਦੋਸ਼ ਨਕਾਰੇ
ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਕੀਤੀ ਗਈ ਮੁੱਢਲੀ ਜਾਂਚ ਨੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਜੱਗੂ ਭਗਵਾਨਪੁਰੀਆ ਵਿਚਕਾਰ ਕਿਸੇ ਵੀ ਤਰਾਂ ਦੇ ਸਬੰਧਾਂ ਨੂੰ ਖਾਰਜ ਕੀਤਾ ਹੈ। ਇਹ ਗੱਲ ਇੱਥੇ ਬੁੱਧਵਾਰ ਨੂੰ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਖ਼ਤਰਨਾਕ ਗੈਂਗਸਟਰ ਨੂੰ 5-ਸਟਾਰ ਸਹੂਲਤਾਂ ਦੇਣ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਹੀ।ਜੱਗੂ ਹਾਲ ਹੀ ਵਿੱਚ ਸੀਨੀਅਰ ਸਿਆਸਤਦਾਨਾਂ ਨਾਲ ਆਪਣੇ ਪੁਰਾਣੇ ਸਬੰਧਾਂ ਦੇ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਕਰਕੇ ਸੁਰਖੀਆਂ ਵਿੱਚ ਰਿਹਾ ਹੈ।ਇਨਾਂ ਦੋਸ਼ਾਂ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਡੀ.ਜੀ.ਪੀ. (ਇੰਟੈਲੀਜੈਂਸ) ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ ਅਤੇ ਨਾਲ ਹੀ ਤੇਜ਼ੀ ਨਾਲ ਕਾਰਵਾਈ ਕਰਨ ਅਤੇ ਜਲਦ ਤੋਂ ਜਲਦ ਰਿਪੋਰਟ ਜਮਾਂ ਕਰਵਾਉਣ ਲਈ ਵੀ ਕਿਹਾ ਸੀ। ਭਾਵੇਂ ਅੰਤਿਮ ਰਿਪੋਰਟ ਹਾਲੇ ਆਉਣੀ ਹੈ, ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਅਨੁਸਾਰ ਮੁੱਢਲੀ ਜਾਂਚ ਤੋਂ ਗੈਂਗਸਟਰ ਅਤੇ ਜੇਲ ਮੰਤਰੀ ਰੰਧਾਵਾ ਵਿਚਕਾਰ ਕੋਈ ਸਬੰਧ ਸਾਹਮਣੇ ਨਹੀਂ ਆਏ ਹਨ।ਇਸ ਗੱਲ ਨੂੰ ਉਜਾਗਰ ਕਰਦਿਆਂ ਕਿ ਬੀਤੇ ਕੁਝ ਮਹੀਨਿਆਂ ਤੋਂ ਜੱਗੂ ਦੇ ਸਾਥੀਆਂ ਖਿਲਾਫ਼ ਕਾਰਵਾਈ ਜਾਰੀ ਹੈ, ਪੰਜਾਬ ਪੁਲੀਸ ਨੇ ਗੈਂਗਸਟਰ ਨਾਲ ਨਰਮੀ ਵਰਤਣ ਦੇ ਕਿਸੇ ਵੀ ਤਰਾਂ ਦੇ ਸਿਆਸੀ ਦਬਾਅ ਨੂੰ ਨਕਾਰਿਆ ਹੈ। ਪਿਛਲੇ ਮਹੀਨੇ ਬਲਜੀਤ ਸਿੰਘ ਨੂੰ ਅੰਮ੍ਰਿਤਸਰ ਜ਼ਿਲੇ ਵਿੱਚ ਹਥਿਆਰਾਂ ਅਤੇ ਸੋਨੇ ਸਮੇਤ ਫੜਿਆ ਗਿਆ ਸੀ ਅਤੇ ਅਕਤੂਬਰ ਵਿੱਚ ਗੈਂਗਸਟਰ ਹਰਮਿੰਦਰ ਸਿੰਘ ਨੂੰ ਜਲੰਧਰ ਜ਼ਿਲੇ ਵਿੱਚ ਵੱਡੀ ਮਾਤਰਾ ਵਿੱਚ ਹਥਿਆਰਾਂ ਅਤੇ ਗੋਲੀ ਸਿੱਕੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵੇਂ ਜੱਗੂ ਦੇ ਨੇੜਲੇ ਸਾਥੀ ਦੱਸੇ ਜਾਂਦੇ ਹਨ। ਇਸ ਤੋਂ ਪਹਿਲਾਂ ਮਈ ਵਿੱਚ ਪੁਲੀਸ ਵੱਲੋਂ ਜੱਗੂ ਦੇ ਨੇੜਲੇ ਸਹਿਯੋਗੀ ਕੈਟੇਗਰੀ ‘ਏ’ ਗੈਂਗਸਟਰ ਸ਼ੁਬਨਮ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸਦੇ ਹਿੰਦੂ ਸੰਘਰਸ਼ ਸੈਨਾ ਆਗੂ ਅਤੇ ਅੰਮ੍ਰਿਤਸਰ ਮਿਉਂਸਪਲ ਕੌਂਸਲਰ ਦੇ ਕਤਲ ਵਿੱਚ ਸ਼ਾਮਲ ਹੋਣ ਦੀ ਸੂਚਨਾ ਸੀ। ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਅਜਿਹੀਆਂ ਹੋਰ ਕਈ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ।ਏ.ਡੀ.ਜੀ.ਪੀ. (ਜੇਲਾਂ) ਨੇ ਗੈਂਗਸਟਰ ਲਈ ਪਟਿਆਲਾ ਸੈਂਟਰਲ ਜੇਲ, ਜਿੱਥੇ ਕਿ ਉਸਨੂੰ ਉੱਚ ਸੁਰੱਖਿਆ ਜ਼ੋਨ ਵਿੱਚ ਰੱਖਿਆ ਗਿਆ ਹੈ, ਵਿੱਚ ਕਿਸੇ ਵੀ ਤਰਾਂ ਦੀਆਂ 5-ਸਟਾਰ ਸਹੂਲਤਾਂ ਦੇ ਦੋਸ਼ਾਂ ਨੂੰ ਨਕਾਰਿਆ ਹੈ।ਏ.ਡੀ.ਜੀ.ਪੀ. ਜੇਲਾਂ ਦੁਆਰਾ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਜੱਗੂ ਭਗਵਾਨਪੁਰੀਆ ਨੂੰ ਹੋਰਨਾਂ ਕੈਦੀਆਂ ਦੀ ਤਰਾਂ ਉੱਚ ਸੁਰੱਖਿਆ ਜ਼ੋਨ ਵਿੱਚ ਇੱਕ ਵੱਖਰੇ ਸੈੱਲ ਵਿੱਚ ਰੱਖਿਆ ਗਿਆ ਹੈ ਅਤੇ ਉਸਦੀਆਂ ਗਤੀਵਿਧੀਆਂ ‘ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।ਜੱਗੂ ਜੋ ਕਿ ਇੱਕ ਖ਼ਤਰਨਾਕ ਗੈਂਗਸਟਰ ਹੈ, ਮੁੱਖ ਤੌਰ ‘ਤੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲਿਆਂ ਵਿੱਚ ਸਰਗਰਮ ਸੀ ਅਤੇ ਕਤਲ, ਕੰਟਰੈਕਟ ਕਿਲਿੰਗ, ਚੋਰੀ, ਲੁੱਟ-ਖੋਹ ਅਤੇ ਗੁੰਡਾਗਰਦੀ ਜਿਹੇ ਕਈ ਮਾਮਲਿਆਂ ਵਿੱਚ ਸ਼ਾਮਲ ਸੀ। ਉਹ ਅਕਾਲੀਆਂ ਦੇ ਸਾਸ਼ਨਕਾਲ ਦੌਰਾਨ ਕਥਿਤ ਰੂਪ ਵਿੱਚ ਅਜਿਹੇ ਘੱਟੋ ਘੱਟ 47 ਮਾਮਲਿਆਂ ਵਿੱਚ ਸ਼ਾਮਲ ਸੀ। ਸਤੰਬਰ 2014 ਵਿੱਚ ਅਕਾਲੀ ਸਰਕਾਰ ਦੌਰਾਨ ਉਸਨੇ ਹੋਰ ਗੈਂਗਸਟਰ ਸੰਜੀਵ ਕੁਮਾਰ ਉਰਫ਼ ਬਾਬਾ ਨੂੰ ਅੰਮ੍ਰਿਤਸਰ ਵਿੱਚ ਮਾਰਿਆ ਸੀ। ਬਾਬਾ ਜੋ ਕਿ ਉਸ ਸਮੇਂ ਪੈਰੋਲ ‘ਤੇ ਜੇਲ ਵਿਚੋਂ ਬਾਹਰ ਸੀ, ਹੋਰ ਗੈਂਗਸਟਰ ਰਾਜੂ ਚੌਹਾਨ ਨੂੰ ਜਨਵਰੀ 2010 ਵਿੱਚ ਅੰਮ੍ਰਿਤਸਰ ਕੋਰਟ ਕੰਪਲੈਕਸ ਵਿੱਚ ਕਤਲ ਕਰਨ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਸੀ। ਜੱਗੂ ਜੁਲਾਈ 2015 ਵਿੱਚ ਉਸਦੀ ਗ੍ਰਿਫ਼ਤਾਰੀ ਤੋਂ ਲੈ ਕੇ ਜੇਲ ਵਿੱਚ ਬੰਦ ਹੈ।