ਜਾਅਲੀ ਕਰੰਸੀ ਮਾਮਲੇ ‘ਚ 3 ਗ੍ਰਿਫਤਾਰ
ਨਾਭਾ – ਪੰਜਾਬ ਪੁਲਿਸ ਦੀ ਕਾਊਂਟਰ ਇੰਟਲੀਜੈਂਸੀ ਸ਼ਾਖਾ ਵੱਲੋਂ ਬੀਤੇ ਦਿਨੀ ਅੰਜਾਮ ਦਿੱਤੀ ਅਹਿਮ ਕਾਰਵਾਈ ਦੋਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਪੁਲਿਸ ਦੀ ਕਾਊਂਟਰ ਇੰਟਲੀਜੈਂਸੀ ਸ਼ਾਖਾ ਵੱਲੋਂ ਏਐਸਪੀ ਪ੍ਰਿਤਪਾਲ ਸਿੰਘ ਦੀ ਅਗੁਵਾਈ ਵਿੱਚ ਨਾਭਾ ਦੇ ਪਿੰਡ ਰੋਹਟੀ ਬਸਤਾ ਸਿੰਘ ਵਿਖੇ ਦੁਪਹਿਰ ਤਿੰਨ ਕੁ ਵਜੇ ਦਬਿਸ਼ ਕੀਤੀ ਗਈ ਅਤੇ ਪਿੰਡ ਦੇ ਇੱਕ ਵਿਅਕਤੀ ਦੇ ਘਰ ਨੂੰ ਪਲਾਂ ਵਿੱਚ ਹੀ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਦੋਰਾਨ ਕਾਊਂਟਰ ਇੰਟਲੀਜੈਂਸੀ ਸ਼ਾਖਾ ਦੀ ਟੀਮ ਲਗਪੱਗ ਚਾਰ ਘੰਟੇ ਇਲਾਕੇ ਵਿੱਚ ਸਰਗਰਮ ਰਹੀ ਪਰੰਤੂ ਇਸ ਟੀਮ ਵੱਲੋਂ ਸਥਾਨਕ ਪੁਲਿਸ ਨੂੰ ਇਸ ਦੀ ਭਿੜਕ ਤੱਕ ਨਹੀ ਪੈਣ ਦਿੱਤੀ ਗਈ। ਜਾਣਕਾਰੀ ਅਨੁਸਾਰ ਟੀਮ ਵੱਲੋਂ ਘਰ ਅੰਦਰ ਪਏ ਕੰਪਿਊਟਰ, ਪ੍ਰਿੰਟਰ, ਕਾਰ, ਮੋਟਰਸਾਇਕਲ, ਫੋਟੋ ਸਟੇਟ ਮਸ਼ੀਨ ਸਮੇਤ ਲਗਪੱਗ ਇੱਕ ਲੱਖ ਰੁਪਏ ਦੇ ਕਰੀਬ ਦੀ ਜਾਅਲੀ ਕਰੰਸੀ ਨੂੰ ਵੀ ਆਪਣੇ ਕਬਜੇ ਵਿੱਚ ਲੈ ਲਿਆ ਗਿਆ। ਇਸ ਤੋ ਬਾਦ ਸਥਾਨਕ ਪੁਲਿਸ ਦੇ ਡੀਐਸਪੀ ਵਰਿੰਦਰਜੀਤ ਸਿੰਘ ਥਿੰਦ ਪੁਲਿਸ ਪਾਰਟੀ ਸਮੇਤ ਮੋਕੇ ‘ਤੇ ਪੁੱਜੇ। ਗ੍ਰਿਫਤਾਰ ਕੀਤੇ ਵਿਅਕਤੀ ਦੀ ਪਹਿਚਾਣ ਗੋਗੀ ਖਾਨ ਵਾਸੀ ਪਿੰਡ ਰੋਹਟੀ ਬਸਤਾ ਸਿੰਘ, ਅਵਤਾਰ ਸਿੰਘ ਘਨੂੰੜਕੀ ਅਤੇ ਸੱਤਪਾਲ ਸਿੰਘ ਨਾਮੀ ਵਿਅਕਤੀਆਂ ਦੇ ਰੂਪ ਵਿੱਚ ਹੋਈ ਹੈ ਜਿਨ੍ਹਾਂ ਖਿਲਾਫ ਸਦਰ ਥਾਣਾ ਨਾਭਾ ਵਿੱਚ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਸੂਤਰਾਂ ਦੀ ਮੰਨੀਏ ਸੱਤਪਾਲ ਸਿੰਘ ਨਾਮੀ ਵਿਅਕਤੀ ਸਾਰੀ ਜਾਅਲੀ ਕਰੰਸੀ ਗੋਗੀ ਖਾਨ ਦੇ ਘਰ ਤਿਆਰ ਕਰਦਾ ਹੁੰਦਾ ਸੀ ਜਦਕਿ ਅਵਤਾਰ ਸਿੰਘ ਫਾਇਨਾਂਸਰ ਦੀ ਭੂਮਿਕਾ ਨਿਭਾਉਂਦਾ ਸੀ। ਜਾਅਲੀ ਕਰੰਸੀ ਦਾ ਇਹ ਗੋਰਖਧੰਦਾ ਕਾਫੀ ਸਮੇਂ ਤੋ ਚੱਲ ਰਿਹਾ ਸੀ ਅਤੇ ਇਸ ਦੀ ਜੜ੍ਹਾਂ ਕਾਫੀ ਦੂਰ ਤੱਕ ਪੁੱਜੀਆ ਹੋਈਆ ਹਨ ਜਿਸ ਕਾਰਨ ਪੁਲਿਸ ਕਾਰਵਾਈ ਦੋਰਾਨ ਕਈ ਹੋਰ ਅਹਿਮ ਇੰਕਸਾਫ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ ਹੈ। ਅੱਜ ਹੋਈ ਕਾਰਵਾਈ ਦੋਰਾਨ ਤਿੰਨੋ ਮੁਲਜਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾ ਪਲਿਸ ਰਿਮਾਂਡ ਹਾਸਿਲ ਕੀਤਾ ਗਿਆ। ਮਾਮਲੇ ਦੀ ਪੁਸ਼ਟੀ ਕਰਦਿਆਂ ਡੀਐਸਪੀ ਵਰਿੰਦਰਜੀਤ ਸਿੰਘ ਥਿੰਦ ਨੇ ਦੱਸਿਆ ਕਿ ਤਿੰਨਾਂ ਮੁਲਜਮਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਅਤੇ ਅਗਲੇਰੀ ਪੁੱਛਗਿੱਛ ਵਿੱਚ ਆਈ ਹੋਰ ਜਾਣਕਾਰੀ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਏਗੀ।