February 5, 2025
#ਖੇਡਾਂ

ਅੰਡਰ-19: ਭਾਰਤ ਦੀ ਦੱਖਣੀ ਅਫਰੀਕਾ ਖ਼ਿਲਾਫ਼ 9 ਵਿਕਟਾਂ ਨਾਲ ਜਿੱਤ

ਭਾਰਤੀ ਅੰਡਰ-19 ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਦੌਰੇ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਉਸ ਨੇ ਇੱਥੇ ਬੁਫੈਲੋ ਪਾਰਕ ਵਿੱਚ ਸ਼ਾਨਦਾਰ ਹਰਫ਼ਨਮੌਲਾ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਟੀਮ ਨੂੰ ਪਹਿਲੇ ਅੰਡਰ-19 ਇੱਕ ਰੋਜ਼ਾ ਮੈਚ ਵਿੱਚ ਨੌਂ ਵਿਕਟਾਂ ਨਾਲ ਸ਼ਿਕਸਤ ਦਿੱਤੀ। ਪਹਿਲਾਂ ਬੱਲੇਬਾਜ਼ੀ ਲਈ ਉਤਰੀ ਦੱਖਣੀ ਅਫਰੀਕਾ ਅੰਡਰ-19 ਟੀਮ 48.3 ਓਵਰਾਂ ਵਿੱਚ 187 ਦੌੜਾਂ ’ਤੇ ਆਊਟ ਹੋ ਗਈ। ਜਵਾਬ ਵਿੱਚ ਭਾਰਤ ਨੇ ਇੱਕ ਵਿਕਟ ਗੁਆ ਕੇ 42.3 ਓਵਰਾਂ ਵਿੱਚ 190 ਦੌੜਾਂ ਬਣਾਈਆਂ। ਭਾਰਤ ਨੇ ਹੁਣ ਲੜੀ ਵਿੱਚ ਮੇਜ਼ਬਾਨ ਟੀਮ ਖ਼ਿਲਾਫ਼ 1-0 ਦੀ ਲੀਡ ਬਣਾ ਲਈ ਹੈ।ਦੱਖਣੀ ਅਫਰੀਕਾ ਦਾ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਪੁੱਠਾ ਪੈ ਗਿਆ। ਉਸ ਦੇ ਬੱਲੇਬਾਜ਼ ਚੰਗੀ ਸ਼ੁਰੂਆਤ ਨੂੰ ਵੱਡੀਆਂ ਪਾਰੀਆਂ ਵਿੱਚ ਨਹੀਂ ਬਦਲ ਸਕੇ। ਲਿਊਕ ਬਿਊਫੋਰਟ ਨੇ ਹੀ ਸਭ ਤੋਂ ਵੱਧ (91 ਗੇਂਦਾਂ ਵਿੱਚ 64 ਦੌੜਾਂ) ਦੌੜਾਂ ਬਣਾਈਆਂ, ਜਦੋਂਕਿ ਜੈਕ ਲੀਜ਼ ਨੇ 27 ਦੌੜਾਂ ਦੀ ਪਾਰੀ ਖੇਡੀ। ਭਾਰਤੀ ਅੰਡਰ-19 ਟੀਮ ਵੱਲੋਂ ਰਵੀ ਬਿਸ਼ਨੋਈ ਨੇ (36 ਦੌੜਾਂ ਦੇ ਕੇ) ਤਿੰਨ ਵਿਕਟਾਂ ਲਈਆਂ, ਜਦੋਂਕਿ ਕਾਰਤਿਕ ਤਿਆਗੀ, ਸ਼ੁਭਾਂਗ ਹੈਗੜੇ ਅਤੇ ਅਥਰਵ ਐਂਕੋਲੈਕਰ ਨੇ ਦੋ-ਦੋ ਵਿਕਟਾਂ ਝਟਕਾਈਆਂ। ਸਲਾਮੀ ਬੱਲੇਬਾਜ਼ ਦਿਵਿਆਂਸ ਸਕਸੈਨਾ (ਨਾਬਾਦ 86 ਦੌੜਾਂ) ਅਤੇ ਐਨ ਤਿਲਕ ਵਰਮਾ (59 ਦੌੜਾਂ) ਨੇ 127 ਦੌੜਾਂ ਦੀ ਭਾਈਵਾਲੀ ਕਰਕੇ ਦੱਖਣੀ ਅਫਰੀਕਾ ਖ਼ਿਲਾਫ਼ ਜਿੱਤ ਦੀ ਨੀਂਹ ਰੱਖੀ।