February 5, 2025
#ਖੇਡਾਂ

ਪਾਕਿ ਖਿਡਾਰੀਆਂ ਨੇ ਮੇਰਾ ਸਮਰਥਨ ਕੀਤਾ ਕਨੇਰੀਆ

ਪਾਕਿਸਤਾਨ ਦੇ ਪਾਬੰਦੀਸ਼ੁਦਾ ਟੈਸਟ ਲੈੱਗ ਸਪਿੰਨਰ ਦਾਨਿਸ਼ ਕਨੇਰੀਆ ਨੇ ਅੱਜ ਕਿਹਾ ਕਿ ਜਦੋਂ ਉਹ ਖੇਡਦਾ ਹੁੰਦਾ ਸੀ ਤਾਂ ਕੁੱਝ ਖਿਡਾਰੀ ਹਿੰਦੂ ਹੋਣ ਕਾਰਨ ਉਸ ਨੂੰ ਨਿਸ਼ਾਨਾ ਬਣਾਉਂਦੇ ਸਨ, ਪਰ ਬਹੁਤਿਆਂ ਨੇ ਉਸ ਦਾ ਸਮਰਥਨ ਕੀਤਾ। ਇਸ ਲਈ ਉਸ ਨੇ ਕਦੇ ਧਰਮ ਬਦਲਣ ਦੀ ਲੋੜ ਜਾਂ ਦਬਾਅ ਮਹਿਸੂਸ ਨਹੀਂ ਕੀਤਾ। ਕਨੇਰੀਆ ਸਪਾਟ ਫਿਕਸਿੰਗ ਕਾਰਨ ਤਾਉਮਰ ਪਾਬੰਦੀ ਝੱਲ ਰਿਹਾ ਹੈ। ਇਹ ਲੈੱਗ ਸਪਿੰਨਰ ਸ਼ੋਇਬ ਅਖ਼ਤਰ ਦੇ ਉਸ ਬਿਆਨ ਮਗਰੋਂ ਸੁਰਖ਼ੀਆਂ ਵਿੱਚ ਆਇਆ ਹੈ, ਜਿਸ ਵਿੱਚ ਇਸ ਤੇਜ਼ ਗੇਂਦਬਾਜ਼ ਨੇ ਦੋਸ਼ ਲਾਇਆ ਸੀ ਕਿ ਕੁੱਝ ਪਾਕਿਸਤਾਨੀ ਖਿਡਾਰੀ ਹਿੰਦੂ ਹੋਣ ਕਾਰਨ ਕਨੇਰੀਆ ਨਾਲ ਖਾਣਾ ਖਾਣ ਤੋਂ ਵੀ ਇਨਕਾਰ ਕਰ ਦਿੰਦੇ ਸਨ। ਕਨੇਰੀਆ ਨੇ ਅੱਜ ਇੱਕ ਚੈਨਲ ਨੂੰ ਕਿਹਾ ਕਿ ਕੁੱਝ ਖਿਡਾਰੀ ਪਿੱਠ ਪਿੱਛੇ ਉਸ ਬਾਰੇ ਟਿੱਪਣੀਆਂ ਕਰਦੇ ਸਨ।ਉਸ ਨੇ ਕਿਹਾ, ‘‘ਮੈਂ ਕਦੇ ਇਸ ਨੂੰ ਮੁੱਦਾ ਨਹੀਂ ਬਣਾਇਆ। ਮੈਂ ਸਿਰਫ਼ ਉਸ ਨੂੰ ਨਜ਼ਰਅੰਦਾਜ਼ ਕੀਤਾ ਕਿਉਂਕਿ ਮੈਂ ਕ੍ਰਿਕਟ ਅਤੇ ਪਾਕਿਸਤਾਨ ਨੂੰ ਜਿਤਾਉਣ ’ਤੇ ਧਿਆਨ ਕੇਂਦਰ ਕਰਨਾ ਚਾਹੁੰਦਾ ਸੀ।’’ ਕਨੇਰੀਆ ਤੋਂ ਜਦੋਂ ਸਾਬਕਾ ਬੱਲੇਬਾਜ਼ ਯੂਸੁਫ਼ ਯੋਹਾਨਾ ਬਾਰੇ ਪੁੱਛਿਆ ਗਿਆ, ਜੋ ਈਸਾਈ ਸੀ ਪਰ ਮਗਰੋਂ ਉਸ ਨੇ ਇਸਲਾਮ ਧਰਮ ਅਪਣਾ ਲਿਆ ਸੀ। ਉਸ ਨੇ ਕਿਹਾ ਕਿ ਉਹ ਕਿਸੇ ਦੀ ਨਿੱਜੀ ਪਸੰਦ ਬਾਰੇ ਟਿੱਪਣੀ ਨਹੀਂ ਕਰਨਾ ਚਾਹੁੰਦਾ। ਕਨੇਰੀਆ ਨੇ ਕਿਹਾ, ‘‘ਮੈਨੂੰ ਹਿੰਦੂ ਅਤੇ ਪਾਕਿਸਤਾਨੀ ਹੋਣ ’ਤੇ ਮਾਣ ਹੈ। ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਪਾਕਿਸਤਾਨ ਵਿੱਚ ਸਾਡੇ ਕ੍ਰਿਕਟ ਭਾਈਚਾਰੇ ਨੂੰ ਨਾ-ਪੱਖੀ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਬਹੁਤ ਸਾਰੇ ਅਜਿਹੇ ਲੋਕ ਹਨ, ਜਿਨ੍ਹਾਂ ਨੇ ਧਰਮ ਦੇ ਬਾਵਜੂਦ ਮੇਰਾ ਸਮਰਥਨ ਕੀਤਾ।’’ ਉਸ ਨੇ ਕਿਹਾ ਕਿ ਉਹ ਕਿਸੇ ਦੀ ਨਿੱਜੀ ਪਸੰਦ ਬਾਰੇ ਟਿੱਪਣੀ ਨਹੀਂ ਕਰਨਾ ਚਾਹੁੰਦਾ।