ਲਾਹੌਰ ਹਾਈ ਕੋਰਟ ਨੇ ਮੁਸ਼ੱਰਫ ਦੀ ਅਪੀਲ ਵਾਪਸ ਕੀਤੀ
ਇਸਲਾਮਾਬਾਦ – ਲਾਹੌਰ ਹਾਈ ਕੋਰਟ ਨੇ ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਦੀ ਉਹ ਅਪੀਲ ਵਾਪਸ ਕਰ ਦਿੱਤੀ ਹੈ ਜਿਸ ’ਚ ਉਨ੍ਹਾਂ ਦੇਸ਼ਧ੍ਰੋਹ ਦੇ ਮਾਮਲੇ ’ਚ ਇੱਕ ਵਿਸ਼ੇਸ਼ ਅਦਾਲਤ ਵੱਲੋਂ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਚੁਣੌਤੀ ਦਿੱਤੀ ਸੀ। ਲਾਹੌਰ ਹਾਈ ਕੋਰਟ ਦੇ ਰਜਿਸਟਰਾਰ ਦਫਤਰ ਨੇ ਸਰਦ ਰੁੱਤ ਦੀਆਂ ਛੁੱਟੀਆਂ ਕਾਰਨ ਪੂਰਨ ਬੈਂਚ ਮੁਹੱਈਆ ਨਾ ਹੋਣ ਦਾ ਹਵਾਲਾ ਦਿੰਦਿਆਂ ਇਹ ਅਪੀਲ ਵਾਪਸ ਕਰ ਦਿੱਤੀ ਹੈ। ਲਾਹੌਰ ਹਾਈ ਕੋਰਟ ਵੱਲੋਂ ਕਾਇਮ ਤਿੰਨ ਮੈਂਬਰੀ ਬੈਂਚ ਮੁਸ਼ੱਰਫ ਦੀ ਮੁੱਖ ਅਪੀਲ ’ਤੇ ਨੌਂ ਜਨਵਰੀ ਨੂੰ ਸੁਣਵਾਈ ਕਰੇਗਾ ਜਿਸ ’ਚ ਉਨ੍ਹਾਂ ਆਪਣੇ ਖ਼ਿਲਾਫ਼ ਦੇਸ਼ਧ੍ਰੋਹ ਦੀ ਸ਼ਿਕਾਇਤ ਤੋਂ ਲੈ ਕੇ ਅੰਤ ਤੱਕ ਸਾਰੀਆਂ ਕਾਰਵਾਈਆਂ ਨੂੰ ਚੁਣੌਤੀ ਦਿੱਤੀ ਹੈ। ਮੁਸ਼ੱਰਫ ਦੇ ਵਕੀਲ ਨੇ ਦੱਸਿਆ ਕਿ ਰਜਿਸਟਰਾਰ ਨੇ ਜਨਵਰੀ ਦੇ ਪਹਿਲੇ ਹਫ਼ਤੇ ’ਚ ਸਬੰਧਤ ਅਪੀਲ ਮੁੜ ਦਾਇਰ ਕਰਨ ਲਈ ਕਿਹਾ ਹੈ। ਵਕੀਲ ਅਜ਼ਹਰ ਸਿੱਦੀਕੀ ਰਾਹੀਂ ਬੀਤੇ ਦਿਨ ਦਾਇਰ ਕੀਤੀ ਗਈ ਇਸ ਅਪੀਲ ’ਚ ਪਾਕਿਸਤਾਨ ਦੀ ਸੰਘੀ ਸਰਕਾਰ ਤੇ ਹੋਰਨਾਂ ਨੂੰ ਧਿਰ ਬਣਾਇਆ ਗਿਆ ਸੀ। 86 ਸਫ਼ਿਆਂ ਦੀ ਇਸ ਅਪੀਲ ’ਚ ਮੁਸ਼ੱਰਫ ਨੇ ਖੁਦ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਰੱਦ ਕਰਾਉਣ ਲਈ ਅਦਾਲਤ ਤੋਂ ਪੂਰਨ ਬੈਂਚ ਕਾਇਮ ਕਰਨ ਦੀ ਮੰਗ ਕੀਤੀ ਸੀ।