ਮੇਰੀਕੌਮ ਖੇਡੇਗੀ ਓਲੰਪਿਕ ਕੁਆਲੀਫਾਇਰ
ਨਵੀਂ ਦਿੱਲੀ – ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੇਰੀਕੌਮ ਨੇ ਨਿਖ਼ਤ ਜ਼ਰੀਨ ਨੂੰ ਟਰਾਇਲ ਦੇ ਮਹਾਂ ਮੁਕਾਬਲੇ ਵਿੱਚ 9-1 ਨਾਲ ਹਰਾ ਕੇ ਅਗਲੇ ਸਾਲ ਚੀਨ ਵਿੱਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਟੀਮ ਦੇ 51 ਕਿਲੋ ਭਾਰ ਵਰਗ ’ਚ ਥਾਂ ਬਣਾਈ। ਦੋਵਾਂ ਮੁੱਕੇਬਾਜ਼ਾਂ ਨੇ ਮੈਚ ਖ਼ਤਮ ਹੋਣ ਮਗਰੋਂ ਹੱਥ ਨਹੀਂ ਮਿਲਾਏ। ਇਸ ਮੁਕਾਬਲੇ ਵਿੱਚ 36 ਸਾਲ ਦੀ ਮੇਰੀਕੌਮ ਨੇ ਕਾਫ਼ੀ ਮਜ਼ਬੂਤ ਪੰਚਾਂ ਨਾਲ ਅੰਕ ਹਾਸਲ ਕੀਤੇ ਅਤੇ ਟੀਮ ਵਿੱਚ ਥਾਂ ਪੱਕੀ ਕੀਤੀ। ਹਾਲਾਂਕਿ ਬਾਕਸਿੰਗ ਹਾਲ ਅੰਦਰ ਮਾਹੌਲ ਤਣਾਅਪੂਰਨ ਰਿਹਾ, ਕਿਉਂਕਿ ਜ਼ਰੀਨ ਨੇ ਟਰਾਇਲ ਦੀ ਜਨਤਕ ਮੰਗ ਕਰਕੇ ਵਿਵਾਦ ਪੈਦਾ ਕਰ ਦਿੱਤਾ ਸੀ। ਮੁਕਾਬਲੇ ਦੌਰਾਨ ਅਤੇ ਰਿੰਗ ਤੋਂ ਬਾਹਰ ਦੋਵਾਂ ਮੁੱਕੇਬਾਜ਼ਾਂ ਵਿਚਾਲੇ ਬਹਿਸ ਵੀ ਹੋਈ। ਜਦੋਂ ਨਤੀਜਾ ਐਲਾਨਿਆ ਗਿਆ ਤਾਂ ਜ਼ਰੀਨ ਨੇ ਆਪਣੇ ਘਰੇਲੂ ਸੂਬੇ ਤਿਲੰਗਾਨਾ ਦੀ ਮੁੱਕੇਬਾਜ਼ੀ ਐਸੋਸੀਏਸ਼ਨ ਦੇ ਕੁੱਝ ਨੁਮਾਇੰਦਿਆਂ ਨਾਲ ਇਸ ਦਾ ਵਿਰੋਧ ਕੀਤਾ। ਮੇਰੀਕੌਮ ਨੇ ਮੁਕਾਬਲੇ ਮਗਰੋਂ ਕਿਹਾ, ‘‘ਮੈਂ ਸਿਰਫ਼ ਏਨਾ ਹੀ ਕਹਿਣਾ ਹੈ ਕਿ ਬੋਲਣ ਤੋਂ ਪਹਿਲਾਂ ਤੋਲੋ, ਇਸ ਤੋਂ ਪਹਿਲਾਂ ਨਹੀਂ। ਤੁਸੀਂ ਰਿੰਗ ਵਿੱਚ ਜੋ ਕਰਦੇ ਹੋ, ਉਸ ਨੂੰ ਹਰ ਕੋਈ ਵੇਖ ਸਕਦਾ ਹੈ।’’ਓਲੰਪਿਕ ਕੁਆਲੀਫਾਇਰ ਚੀਨ ਵਿੱਚ ਤਿੰਨ ਤੋਂ 14 ਫਰਵਰੀ ਤੱਕ ਕਰਵਾਏ ਜਾਣਗੇ। ਮੁਕਾਬਲੇ ਮਗਰੋਂ ਦੋਵਾਂ ਨੇ ਹੱਥ ਵੀ ਨਹੀਂ ਮਿਲਾਇਆ ਅਤੇ ਜ਼ਰੀਨ ਨੇ ਸੀਨੀਅਰ ਮੁੱਕੇਬਾਜ਼ ਨੂੰ ਗਲ਼ ਨਾਲ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਮੇਰੀਕੌਮ ਨੇ ਅਜਿਹਾ ਨਹੀਂ ਕੀਤਾ। ਇਸ ਬਾਰੇ ਪੁੱਛਣ ’ਤੇ ਮੇਰੀਕੌਮ ਨੇ ਕਿਹਾ, ‘‘ਮੈਂ ਇਹ ਵਿਵਾਦ ਖੜ੍ਹਾ ਨਹੀਂ ਕੀਤਾ। ਮੈਂ ਅਜਿਹਾ ਕਦੇ ਨਹੀਂ ਕਿਹਾ ਕਿ ਮੈਂ ਟਰਾਇਲ ਲਈ ਨਹੀਂ ਆਵਾਂਗੀ। ਇਸ ਲਈ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਜਦੋਂ ਕੋਈ ਦੋਸ਼ ਲਾਏ ਕਿ ਇਹ ਮੇਰੀ ਗ਼ਲਤੀ ਸੀ। ਇਹ ਮੇਰੀ ਗ਼ਲਤੀ ਨਹੀਂ ਸੀ ਅਤੇ ਮੇਰਾ ਨਾਮ ਇਸ ਵਿੱਚ ਨਹੀਂ ਘਸੀਟਣਾ ਚਾਹੀਦਾ।’’ ਜ਼ਰੀਨ ਨੇ ਕਿਹਾ, ‘‘ਉਸ ਦੇ ਵਿਹਾਰ ਤੋਂ ਮੈਨੂੰ ਠੇਸ ਪਹੁੰਚੀ ਹੈ। ਉਸ ਨੇ ਰਿੰਗ ਦੇ ਅੰਦਰ ਕੁੱਝ ਭੱਦੀ ਸ਼ਬਦਾਵਲੀ ਵੀ ਵਰਤੀ, ਪਰ ਠੀਕ ਹੈ।’’ ਉਸ ਨੇ ਕਿਹਾ, ‘‘ਮੈਂ ਜੂਨੀਅਰ ਹਾਂ, ਮੁਕਾਬਲਾ ਖ਼ਤਮ ਹੋਣ ਮਗਰੋਂ ਜੇਕਰ ਉਹ ਗਲ਼ੇ ਲੱਗ ਜਾਂਦੀ ਤਾਂ ਇਹ ਚੰਗਾ ਹੁੰਦਾ। ਪਰ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ।’’ ਤਿਲੰਗਾਨਾ ਮੁੱਕੇਬਾਜ਼ੀ ਐਸੋਸੀੲਸ਼ਨ ਦੀ ਨੁਮਾਇੰਦਗੀ ਕਰ ਰਹੇ ਏਪੀ ਰੈੱਡੀ ਨੇ ਇਸ ਫ਼ੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ। ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀਐੱਫਆਈ) ਦੇ ਪ੍ਰਧਾਨ ਅਜੈ ਸਿੰਘ ਨੇ ਵਿਚਾਲੇ ਪੈ ਕੇ ਮੌਕੇ ਨੂੰ ਸੰਭਾਲਿਆ। ਅਜੈ ਸਿੰਘ ਨੇ ਉਸ ਨੂੰ ਰਿੰਗ ਕੋਲੋਂ ਹਟਣ ਲਈ ਕਿਹਾ ਅਤੇ ਨਿਰਾਸ਼ ਜ਼ਰੀਨ ਨੇ ਖ਼ੁਦ ਉਸ ਨੂੰ ਸ਼ਾਂਤ ਕੀਤਾ। ਰੈੱਡੀ ਨੇ ਮਗਰੋਂ ਪੱਤਰਕਾਰਾਂ ਨੂੰ ਕਿਹਾ, ‘‘ਇਸ ਤਰ੍ਹਾਂ ਦੀ ਸਿਆਸਤ ਨਾਲ ਮੁੱਕੇਬਾਜ਼ੀ ਅੱਗੇ ਕਿਵੇਂ ਵਧੇਗੀ।’’ ਇਹ ਵਿਵਾਦ ਉਦੋਂ ਪੈਦਾ ਹੋਇਆ ਸੀ ਜਦੋਂ ਅਜੈ ਸਿੰਘ ਨੇ ਵਿਸ਼ਵ ਚੈਂਪੀਅਨਸ਼ਿਪ ਮਗਰੋਂ ਕਿਹਾ ਕਿ ਮੇਰੀਕੌਮ ਦਾ ਕਾਂਸੀ ਦਾ ਤਗ਼ਮਾ ਉਸ ਨੂੰ ਟਰਾਇਲਜ਼ ਤੋਂ ਛੋਟ ਦੇਣ ਲਈ ਕਾਫ਼ੀ ਹੈ, ਜਦਕਿ ਚੋਣ ਨੀਤੀ ਅਨੁਸਾਰ, ਸਿਰਫ਼ ਸੋਨਾ ਅਤੇ ਚਾਂਦੀ ਦਾ ਤਗ਼ਮਾ ਜੇਤੂ ਨੂੰ ਹੀ ਓਲੰਪਿਕ ਕੁਆਲੀਫਾਇਰ ਲਈ ਸਿੱਧੀ ਥਾਂ ਮਿਲੇਗੀ।