ਦਿੱਲੀ ਵਿੱਚ ਕਾਂਸਟੇਬਲ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ| ਇੱਥੇ ਧੌਲਾ ਕੁਆਂ ਪੁਲੀਸ ਸਟੇਸ਼ਨ ਵਿੱਚ ਤਾਇਨਾਤ ਇਕ ਪੁਲੀਸ ਕਰਮਚਾਰੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ| ਪੁਲੀਸ ਕਾਂਸਟੇਬਲ ਦਾ ਨਾਂ ਪਾਰੂਨ ਤਿਆਗੀ ਦੱਸਿਆ ਜਾਂਦਾ ਹੈ| ਘਟਨਾ ਸ਼ੁੱਕਰਵਾਰ ਦੇਰ ਰਾਤ ਦੀ ਦੱਸੀ ਜਾਂਦੀ ਹੈ| ਜਿਕਰਯੋਗ ਹੈ ਕਿ ਪਾਰੂਨ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰੀ| ਪਾਰੂਨ ਨੇ ਖੁਦਕੁਸ਼ੀ ਵਰਗਾ ਕਦਮ ਕਿਉਂ ਚੁੱਕਿਆ, ਇਸ ਸੰਬੰਧ ਵਿੱਚ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ| ਵਿਭਾਗੀ ਸੂਤਰਾਂ ਅਨੁਸਾਰ ਤਾਂ ਜਾਂਚ ਤੋਂ ਬਾਅਦ ਹੀ ਇਸ ਸੰਬੰਧ ਵਿੱਚ ਕੋਈ ਕੁਝ ਕਹਿਣ ਦੀ ਹਾਲਤ ਵਿੱਚ ਹੋਵੇਗਾ|ਦੱਸਿਆ ਜਾ ਰਿਹਾ ਹੈ ਕਿ ਸਾਲ 2006 ਵਿੱਚ ਦਿੱਲੀ ਪੁਲੀਸ ਵਿੱਚ ਭਰਤੀ ਹੋਏ ਪਾਰੂਨ ਦਾ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਹੈ| ਪਾਰੂਨ ਦੀ ਪਤਨੀ ਵੀ ਸਾਲ 2006 ਬੈਚ ਦੀ ਹੀ ਕਾਂਸਟੇਬਲ ਹੈ ਅਤੇ ਉਹ ਤੀਜੀ ਬਟਾਲੀਅਨ ਵਿੱਚ ਤਾਇਨਾਤ ਹੈ| ਦੱਸਿਆ ਜਾ ਰਿਹਾ ਹੈ ਕਿ ਉਹ ਰਾਤ ਦੇ 1.30 ਵਜੇ ਸਮੋਕ (ਸਿਗਰੇਟ) ਕਰਨ ਲਈ ਬਾਹਰ ਨਿਕਲਿਆ ਅਤੇ ਖੁਦ ਨੂੰ ਗੋਲੀ ਮਾਰ ਲਈ| ਇਸ ਮਾਮਲੇ ਵਿੱਚ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ| ਜਿਕਰਯੋਗ ਹੈ ਕਿ ਜੂਨ ਮਹੀਨੇ ਵਿੱਚ ਵੀ ਦਿੱਲੀ ਪੁਲੀਸ ਦੇ ਇਕ ਕਾਂਸਟੇਬਲ 34 ਸਾਲਾ ਕੁਲਬੀਰ ਸਿੰਘ ਨੇ ਵੀ ਖੁਦਕੁਸ਼ੀ ਕਰ ਲਈ ਸੀ| ਕੁਲਬੀਰ ਨੇ ਕੰਝਾਵਲਾ ਇਲਾਕੇ ਵਿੱਚ ਆਪਣੇ ਘਰ ਵਿੱਚ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ ਸੀ| ਕੁਲਬੀਰ ਦਿੱਲੀ ਪੁਲੀਸ ਦੀ ਪੀ.ਸੀ.ਆਰ. ਵਿੱਚ ਕਾਂਸਟੇਬਲ (ਡਰਾਈਵਰ) ਦੇ ਅਹੁਦੇ ਤੇ ਤਾਇਨਾਤ ਸਨ|