ਭਾਰਤੀ ਹਥਿਆਰਬੰਦ ਫ਼ੌਜਾਂ ਦੇ ਜਵਾਨਾਂ ਨੂੰ ਹੁਣ ਮਿਲਣਗੀਆਂ ਹਰ ਸਾਲ 100 ਛੁੱਟੀਆਂ
ਨਵੀਂ ਦਿੱਲੀ – ਭਾਰਤ ਦੀਆਂ ਹਥਿਆਰਬੰਦ ਫ਼ੌਜਾਂ ਦੇ ਜਵਾਨ ਇੱਕ ਸਾਲ ਵਿੱਚ ਘੱਟੋ–ਘੱਟ 100 ਦਿਨ ਆਪਣੇ ਪਰਿਵਾਰ ਨਾਲ ਰਹਿ ਸਕਣਗੇ। ਇਸ ਲਈ ਸਰਕਾਰ ਨੇ ਇੱਕ ਕਮੇਟੀ ਬਣਾਈ ਹੈ। ਕਮੇਟੀ ਦੀ ਰਿਪੋਰਟ ਮਿਲਣ ਤੋਂ ਬਾਅਦ ਸਰਕਾਰ ਇਹ ਫ਼ੈਸਲਾ ਲਾਗੂ ਕਰ ਦੇਵੇਗੀ। ਇਸ ਨਾਲ ਹਥਿਆਰਬੰਦ ਫ਼ੌਜਾਂ ਦੇ ਜਵਾਨਾਂ ਨੂੰ ਕਾਫ਼ੀ ਲਾਭ ਮਿਲੇਗਾ। ਅੱਜ ਐਤਵਾਰ ਨੂੰ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਸੀਆਰਪੀਐੱਫ਼ ਦੇ ਹੈੱਡਕੁਆਰਟਰਜ਼ ਦਾ ਨੀਂਹ–ਪੱਥਰ ਰੱਖਦਿਆਂ ਜਵਾਨਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਈ ਸਹੂਲਤਾਂ ਦੇਵੇਗੀ। ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਤੈਅ ਕੀਤਾ ਹੈ ਕਿ ਹਰੇਕ ਹਥਿਆਰਬੰਦ ਬਲ ਦਾ ਜਵਾਨ 100 ਦਿਨ ਆਪਣੇ ਪਰਿਵਾਰ ਦੇ ਨਾਲ ਰਹੇ, ਇਸ ਲਈ ਅਸੀਂ ਕੰਮ ਕਰ ਰਹੇ ਹਾਂ, ਇਸ ਲਈ ਕਮੇਟੀ ਵੀ ਬਣੀ ਹੈ। ਅਗਲੇ ਬਜਟ ਵਿੱਚ ਉਨ੍ਹਾਂ ਦੀ ਹਾਊਸਿੰਗ ਲਈ ਬਜਟ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਵਾਨਾਂ ਦੇ ਹੈਲਥ–ਚੈੱਕਅਪ ਦੇ ਨਾਲ–ਨਾਲ ਉਨ੍ਹਾਂ ਦੇ ਪਰਿਵਾਰ ਦਾ ਵੀ ਚੈੱਕਅਪ ਅਤੇ ਹੈਲਥ–ਕਾਰਡ ਬਣੇਗਾ। ਸੂਬਿਆਂ ਨੂੰ ਵੀ ਇਸ ਦਾ ਸੱਦਾ ਦਿੱਤਾ ਗਿਆ ਹੈ। ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਲ 2019 ‘ਚ ਭਾਰਤ ਸਰਕਾਰ ਦੇ 75 ਤਮਗਿਆਂ ਵਿੱਚੋਂ ਸਭ ਤੋਂ ਵੱਧ ਸੀਆਰਪੀਐੱਫ਼ ਦੇ ਜਵਾਨਾਂ ਨੂੰ ਮਿਲੇ ਹਨ। ਵਧੀਆ ਹੈੱਡਕੁਆਰਟਰਜ਼ ਨਾਲ ਸੀਆਰਪੀਐੱਫ਼ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ।