February 5, 2025
#ਭਾਰਤ

ਹੇਮੰਤ ਸੋਰੇਨ ਬਣੇ ਝਾਰਖੰਡ ਦੇ ਮੁੱਖ ਮੰਤਰੀ

ਰਾਹੁਲ, ਮਮਤਾ, ਬਘੇਲ ਤੇ ਗਹਿਲੋਤ ਨੇ ਭਰੀ ਹਾਜ਼ਰੀ

ਰਾਂਚੀ (ਝਾਰਖੰਡ) – ਸ੍ਰੀ ਹੇਮੰਤ ਸੋਰੇਨ ਨੇ ਅੱਜ ਝਾਰਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਰਾਹੁਲ ਗਾਂਧੀ, ਪੱਛਮੀ ਬੰਗਾਲ ਦੇ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਤੇ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਤੋਂ ਇਲਾਵਾ ਹੋਰ ਬਹੁਤ ਸਾਰੇ ਲੋਕ ਮੌਜੂਦ ਸਨ। ਰਾਜਪਾਲ ਦ੍ਰੋਪਦੀ ਮੁਰਮੂ ਨੇ ਸ੍ਰੀ ਸੋਰੇਨ ਨੂੰ ਮੁੱਖ ਮੰਤਰੀ ਦੇ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਸ੍ਰੀ ਸੋਰੇਨ ਤੋਂ ਇਲਾਵਾ ਕਾਂਗਰਸ ਦੇ ਵਿਧਾਇਕ ਆਲਮਗੀਰ ਆਲਮ, ਰਾਮੇਸ਼ਵਰ ਉਰਾਂਓ ਤੇ ਆਰਜੇਡੀ ਵਿਧਾਇਕ ਸੱਤਿਆਨੰਦ ਭੋਕਤਾ ਨੇ ਸ੍ਰੀ ਸੋਰੇਨ ਨਾਲ ਮੰਤਰੀਆਂ ਵਜੋਂ ਸਹੁੰ ਚੁੱਕੀ। ਸ੍ਰੀ ਹੇਮੰਤ ਸੋਰੇਨ ਝਾਰਖੰਡ ਮੁਕਤੀ ਮੋਰਚਾ ਦੇ ਕਾਰਜਕਾਰੀ ਪ੍ਰਧਾਨ ਹਨ। ਉਹ ਹੁਣ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ। ਇਸ ਤੋਂ ਪਹਿਲਾਂ ਉਹ ਸਾਲ 2013 ਦੌਰਾਨ ਵੀ ਕਾਂਗਰਸ ਗੱਠਜੋੜ ਦੀ ਸਰਕਾਰ ਵਿੱਚ ਮੁੱਖ ਮੰਤਰੀ ਰਹਿ ਚੁੱਕੇ ਹਨ। ਸ੍ਰੀ ਹੇਮੰਤ ਸੋਰੇਨ ਨੇ ਸਰਕਾਰ ਵਿੱਚ ਸਟੀਫ਼ਨ ਮਰਾਂਡੀ ਤੇ ਰਾਮੇਸ਼ਵਰ ਉਰਾਂਓ ਨੂੰ ਉੱਪ–ਮੁੱਖ ਮੰਤਰੀ ਬਣਾ ਕੇ ਕੁਝ ਸਿਆਸੀ ਸੰਤੁਲਨ ਕਾਇਮ ਕੀਤਾ ਹੈ। ਹੇਮੰਤ ਸੋਰੇਨ ਦਰਅਸਲ, ਸ਼ਿਬੂ ਸੋਰੇਨ ਦੀ ਆਦਿਵਾਸੀ ਸਿਆਸਤ ਦੇ ਵਿਰਾਸਤ ਦੇ ਪ੍ਰਤੀਕ ਹਨ। ਹੇਮੰਤ ਸੋਰੇਨ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਆਪਣੀ ਸਰਕਾਰ ਦੀ ਪਹਿਲੀ ਕੈਬਿਨੇਟ ਦੀ ਮੀਟਿੰਗ ਅੱਜ ਐਤਵਾਰ ਸ਼ਾਮੀਂ ਕਰਨਗੇ। ਪਹਿਲੀ ਮੀਟਿੰਗ ਵਿੱਚ ਵਿਧਾਨ ਸਭਾ ਲਈ ਪ੍ਰੋ ਟੈਮ ਸਪੀਕਰ ਦੇ ਨਾਂਅ ਦੀ ਸਿਫ਼ਾਰਸ਼ ਕੀਤੀ ਜਾਵੇਗੀ।