ਅਜੋਕੇ ਨੌਜਵਾਨਾਂ ਨੂੰ ਅਰਾਜਕਤਾ ਤੇ ਪਰਿਵਾਰਵਾਦ ਪਸੰਦ ਨਹੀਂ : ਮੋਦੀ
![](https://blastingskyhawk.com/wp-content/uploads/2019/12/1-26.jpg)
‘ਮਨ ਕੀ ਬਾਤ’ ‘ਚ ਪ੍ਰਧਾਨ ਮੰਤਰੀ ਵੱਲੋਂ ਕਈ ਮੁੱਦਿਆਂ ‘ਤੇ ਗੱਲਬਾਤ
ਨਵੀਂ ਦਿੱਲੀ – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਪਣੇ ਮਾਸਿਕ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਕਿਹਾ ਹੈ ਕਿ ਅਗਲੇ ਦਹਾਕਿਆਂ ਦੌਰਾਨ ਭਾਰਤ ਦੇ ਨੌਜਵਾਨ ਅਹਿਮ ਭੂਮਿਕਾ ਨਿਭਾਉਣਗੇ। ਸਾਡੇ ਨੌਜਵਾਨ ਵਿਵਸਥਾ ਵਿੱਚ ਯਕੀਨ ਰੱਖਦੇ ਹਨ, ਉਨ੍ਹਾਂ ਦੀ ਆਪਣੀ ਰਾਇ ਵੀ ਹੈ ਤੇ ਜਦੋਂ ਵਿਵਸਥਾ ਸਹੀ ਤਰੀਕੇ ਕੰਮ ਨਹੀਂ ਕਰਦੀ, ਤਾਂ ਉਨ੍ਹਾਂ ਕੋਲ ਸੁਆਲ ਵੀ ਹੁੰਦੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਅਜੋਕੇ ਨੌਜਵਾਨਾਂ ਨੂੰ ਅਰਾਜਕਤਾ ਤੋਂ ਨਫ਼ਰਤ ਹੈ। ਜਾਤੀਵਾਦ, ਪਰਿਵਾਰਵਾਦ ਜਿਹੀਆਂ ਅਵਿਵਸਥਾਵਾਂ ਨੂੰ ਉਹ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸਾਲ 2019 ਦੀ ਵਿਦਾਈ ਨਾਲ ਅਸੀਂ ਨਾ ਸਿਰਫ਼ ਨਵੇਂ ਸਾਲ, ਸਗੋਂ ਨਵੇਂ ਦਹਾਕੇ ‘ਚ ਵੀ ਦਾਖ਼ਲ ਹੋਵਾਂਗੇ। ਇਸ ਦਹਾਕੇ ‘ਚ ਦੇਸ਼ ਦੇ ਵਿਕਾਸ ਨੂੰ ਰਫ਼ਤਾਰ ਦੇਣ ਵਿੱਚ ਉਹ ਲੋਕ ਸਰਗਰਮ ਭੂਮਿਕਾ ਨਿਭਾਉਣਗੇ, ਜਿਨ੍ਹਾਂ ਦਾ ਜਨਮ 21ਵੀਂ ਸਦੀ ‘ਚ ਹੋਇਆ ਹੈ। ਪ੍ਰਧਾਨ ਮੰਤਰੀ ਨੇ ਆਜ਼ਾਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਅਸੀਂ ਅਨੇਕ ਤਸ਼ੱਦਦ ਝੱਲੇ; ਤਦ ਜਾ ਕੇ ਸਾਨੂੰ ਆਜ਼ਾਦੀ ਮਿਲੀ। ਅਸੀਂ ਆਜ਼ਾਦ ਜ਼ਿੰਦਗੀ ਜਿਉਂ ਰਹੇ ਹਾਂ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਵਾਉਣ ਲਈ ਕਈ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਹਨ ਪਰ ਉਨ੍ਹਾਂ ਵਿੱਚੋਂ ਅਸੀਂ ਕੁਝ ਹੀ ਲੋਕਾਂ ਨੂੰ ਜਾਣਦੇ ਹਾਂ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਸਥਾਨਕ ਉਤਪਾਦਾਂ ਨੂੰ ਹੱਲਾਸ਼ੇਰੀ ਦੇਣ ਲਈ ਵੀ ਲੋਕਾਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ‘ਮੇਰਾ ਸੁਝਾਅ ਹੈ ਕਿ ਕੀ ਅਸੀਂ ਸਥਾਨਕ ਪੱਧਰ ਉੱਤੇ ਬਣੇ ਉਤਪਾਦਾਂ ਨੂੰ ਉਤਸ਼ਾਹਿਤ ਕਰ ਸਕਦੇ ਹਾਂ? ਕੀ ਅਸੀਂ ਉਨ੍ਹਾਂ ਨੂੰ ਆਪਣੀ ਖ਼ਰੀਦਦਾਰੀ ਵਿੱਚ ਥਾਂ ਦੇ ਸਕਦੇ ਹਾਂ?’ ਸ੍ਰੀ ਮੋਦੀ ਨੇ ਕਿਹਾ ਕਿ ਸਾਲ 2022 ‘ਚ ਆਜ਼ਾਦੀ ਦੇ 75 ਵਰ੍ਹੇ ਮੁਕੰਮਲ ਹੋ ਰਹੇ ਹਨ। ਉਸ ਦੇ ਮੱਦੇਨਜ਼ਰ ਮੈਂ ਦੇਸ਼ ਵਾਸੀਆਂ ਨੂੰ ਹੱਥ ਦੀਆਂ ਬਣੀਆਂ ਵਸਤਾਂ ਖ਼ਰੀਦਣ ਦੀ ਅਪੀਲ ਕਰਦਾ ਹਾਂ। ਸਥਾਨਕ ਉਤਪਾਦਾਂ ਉੱਤੇ ਜ਼ੋਰ ਦੇਵੋ। ਇਹ ਸਾਡੇ ਲਈ ਜ਼ਰੂਰੀ ਹੈ ਕਿ ਦੇਸ਼ ਦੇ ਨਾਗਰਿਕ ਆਤਮ ਨਿਰਭਰ ਬਣਨ ਤੇ ਆਦਰ ਸਤਿਕਾਰ ਨਾਲ ਜੀਵਨ ਜਿਉਂ ਸਕਣ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਅੱਜ ਆਖ਼ਰੀ ਸੂਰਜ ਗ੍ਰਹਿਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ 26 ਦਸੰਬਰ ਨੂੰ ਇਸ ਦਹਾਕੇ ਦਾ ਆਖ਼ਰੀ ਸੂਰਜ ਗ੍ਰਹਿਣ ਵੇਖਿਆ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਖਗੋਲ ਵਿਗਿਆਨ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ। ਆਕਾਸ਼ ਵਿੱਚ ਝਿਲਮਿਲਾਉਂਦੇ ਤਾਰਿਆਂ ਨਾਲ ਸਾਡਾ ਸਬੰਧ ਓਨਾ ਹੀ ਪੁਰਾਣਾ ਹੈ, ਜਿੰਨੀ ਸਾਡੀ ਸਭਿਅਤਾ ਹੈ।