February 5, 2025
#ਖੇਡਾਂ

ਵਿਕਾਸ ਨੇ ਭਾਰਤੀ ਮੁੱਕੇਬਾਜ਼ੀ ਟੀਮ ’ਚ ਥਾਂ ਬਣਾਈ

ਵਿਕਾਸ ਕ੍ਰਿਸ਼ਨ ਨੇ ਅੱਜ ਇੱਥੇ ਦੋ ਹੋਰ ਮੁੱਕੇਬਾਜ਼ਾਂ ਨਾਲ ਆਪਣਾ ਆਖ਼ਰੀ ਟਰਾਇਲ ਮੁਕਾਬਲਾ ਜਿੱਤ ਕੇ ਅਗਲੇ ਸਾਲ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਪੁਰਸ਼ ਮੁੱਕੇਬਾਜ਼ੀ ਟੀਮ ਵਿੱਚ ਥਾਂ ਬਣਾ ਲਈ। ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ਿਆਈ ਖੇਡਾਂ ਦੇ ਸਾਬਕਾ ਤਗ਼ਮਾ ਜੇਤੂ ਵਿਕਾਸ ਲੰਬੇ ਸਮੇਂ ਤੱਕ 75 ਕਿਲੋ ਵਿੱਚ ਖੇਡਦਾ ਰਿਹਾ ਹੈ, ਪਰ ਪਿੱਠ ਦੀ ਸੱਟ ਠੀਕ ਹੋਣ ਮਗਰੋਂ ਉਸ ਨੇ 69 ਕਿਲੋ ਭਾਰ ਵਰਗ ਵਿੱਚ ਵਾਪਸੀ ਕੀਤੀ ਹੈ। ਇਹ ਏਸ਼ੀਆ/ਓਸਨੀਆ ਕੁਆਲੀਫਾਇਰ ਮੁਕਾਬਲੇ ਚੀਨ ਵਿੱਚ 3 ਤੋਂ 14 ਫਰਵਰੀ ਦੌਰਾਨ ਹੋਣਗੇ।ਇਸ ਤੋਂ ਪਹਿਲਾਂ ਦੋ ਵਾਰ ਓਲੰਪਿਕ ਵਿੱਚ ਹਿੱਸਾ ਲੈ ਚੁੱਕੇ 26 ਸਾਲਾ ਵਿਕਾਸ ਨੇ ਟਰਾਇਲ ਮੁਕਾਬਲਿਆਂ ਦੇ ਫਾਈਨਲ ਵਿੱਚ ਦੁਰਯੋਧਨ ਸਿੰਘ ਨੇਗੀ ਨੂੰ ਸਰਬ ਸਾਂਝੇ ਫ਼ੈਸਲੇ ਵਿੱਚ ਹਰਾਇਆ। ਰਾਸ਼ਟਰਮੰਡਲ ਖੇਡਾਂ ਦੇ ਤਗ਼ਮਾ ਜੇਤੂ ਗੌਰਵ ਸੋਲੰਕੀ (57 ਕਿਲੋ) ਅਤੇ ਨਮਨ ਤੰਵਰ (91 ਕਿਲੋ) ਨੇ ਵੀ ਟੀਮ ਵਿੱਚ ਥਾਂ ਬਣਾਈ। ਸੋਲੰਕੀ ਨੇ ਮੁਹੰਮਦ ਹਸਮੂਦੀਨ ਨੂੰ, ਜਦਕਿ ਤੰਵਰ ਨੇ ਨਵੀਨ ਕੁਮਾਰ ਨੂੰ ਹਰਾਇਆ। ਭਾਰਤੀ ਪੁਰਸ਼ ਮੁੱਕੇਬਾਜ਼ੀ ਦੇ ਹਾਈ ਪਰਫਾਰਮੈਂਸ ਡਾਇਰੈਕਟਰ ਸੈਂਟਿਆਗੋ ਨੀਵਾ ਨੇ ਕਿਹਾ, “ਗੌਰਵ ਸੋਲੰਕੀ ਨੇ ਹਸਮੂਦੀਨ ਖ਼ਿਲਾਫ਼ ਸਖ਼ਤ ਮੁਕਾਬਲੇ ਵਿੱਚ ਸ਼ਾਨਦਾਰ ਵਾਪਸੀ ਕੀਤੀ। ਜਿੱਥੋਂ ਤਕ ਵਿਕਾਸ ਦੀ ਗੱਲ ਹੈ ਤਾਂ ਉਹ ਵਚਨਬੱਧ ਹੈ ਅਤੇ ਸਾਨੂੰ ਉਸ ਤੋਂ ਕਾਫ਼ੀ ਉਮੀਦਾਂ ਹਨ।’’ ਕੱਲ੍ਹ ਏਸ਼ਿਆਈ ਚਾਂਦੀ ਦੇ ਤਗ਼ਮਾ ਜੇਤੂ ਅਸ਼ੀਸ਼ ਕੁਮਾਰ (75 ਕਿਲੋ), ਸਤੀਸ਼ ਕੁਮਾਰ (91 ਕਿਲੋ ਤੋਂ ਵੱਧ) ਅਤੇ ਸਚਿਨ ਕੁਮਾਰ (81 ਕਿਲੋ) ਨੇ ਟੀਮ ਵਿੱਚ ਥਾਂ ਬਣਾਈ ਸੀ। ਅਮਿਤ ਪੰਘਲ (52 ਕਿਲੋ) ਅਤੇ ਮਨੀਸ਼ ਕੌਸ਼ਿਕ (63 ਕਿਲੋ) ਨੇ ਸਤੰਬਰ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਗ਼ਮਾ ਜਿੱਤ ਕੇ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਸੀ। ਨੀਵਾ ਨੇ ਕਿਹਾ, “ਮੁਕਾਬਲੇ ਕਾਫ਼ੀ ਸਖ਼ਤ ਸਨ ਅਤੇ ਹਰੇਕ ਭਾਰ ਵਰਗ ਵਿੱਚ ਮੁਸ਼ਕਲ ਮੁਕਾਬਲਾ ਵੇਖਣ ਨੂੰ ਮਿਲਿਆ। ਟੀਮ ਇਸ ਵੇਲੇ ਮਜ਼ਬੂਤ ਨਜ਼ਰ ਆ ਰਹੀ ਹੈ।