ਟੈਸਟ ਦਰਜਾਬੰਦੀ ਕੋਹਲੀ ਦਾ ਪਹਿਲਾ ਸਥਾਨ ਬਰਕਰਾਰ
ਭਾਰਤੀ ਕਪਤਾਨ ਵਿਰਾਟ ਕੋਹਲੀ ਸਾਲ ਦੇ ਅਖ਼ੀਰ ਵਿੱਚ ਵੀ ਆਈਸੀਸੀ ਟੈਸਟ ਬੱਲੇਬਾਜ਼ੀ ਦਰਜਾਬੰਦੀ ਵਿੱਚ ਪਹਿਲੇ ਸਥਾਨ ’ਤੇ ਕਾਬਜ਼ ਰਹੇਗਾ, ਜਦਕਿ ਮਾਹਿਰ ਚੇਤੇਸ਼ਵਰ ਪੁਜਾਰਾ ਇੱਕ ਦਰਜੇ ਦੇ ਨੁਕਸਾਨ ਨਾਲ ਪੰਜਵੇਂ ਸਥਾਨ ’ਤੇ ਖਿਸਕ ਗਿਆ। ਕੋਹਲੀ ਦੇ 928 ਰੇਟਿੰਗ ਅੰਕ ਹਨ ਅਤੇ ਉਹ ਦੂਜੇ ਨੰਬਰ ’ਤੇ ਕਾਬਜ਼ ਆਸਟਰੇਲਿਆਈ ਸਟਾਰ ਸਟੀਵ ਸਮਿੱਥ (911) ਤੋਂ 17 ਅੰਕ ਅੱਗੇ ਹੈ।ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ (822) ਤੀਜੇ ਸਥਾਨ ’ਤੇ ਹੈ। ਇਸ ਸਾਲ 11 ਟੈਸਟ ਮੈਚਾਂ ਵਿੱਚ 1085 ਦੌੜਾਂ ਬਣਾਉਣ ਵਾਲੇ ਆਸਟਰੇਲੀਆ ਦੇ ਮਾਰਨਸ ਲਾਬੂਸ਼ਾਨੇ ਇੱਕ ਦਰਜੇ ਨਾਲ ਅੱਗੇ ਚੌਥੇ ਨੰਬਰ ’ਤੇ ਪਹੁੰਚ ਗਿਆ। ਪੁਜਾਰਾ 791 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ ਜਦਕਿ ਅਜਿੰਕਿਆ ਰਹਾਣੇ ਨੇ 759 ਅੰਕ ਲੈ ਕੇ ਸੱਤਵਾਂ ਸਥਾਨ ਮੱਲਿਆ ਹੈ। ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਪਹਿਲਾਂ ਵਾਂਗ 12ਵੇਂ ਸਥਾਨ ’ਤੇ ਬਰਕਰਾਰ ਹੈ ਪਰ ਰੋਹਿਤ ਸ਼ਰਮਾ ਇੱਕ ਦਰਜਾ ਉਪਰ 13ਵੇਂ ਨੰਬਰ ’ਤੇ ਪਹੁੰਚ ਗਿਆ। ਇਸ ਤਰ੍ਹਾਂ ਭਾਰਤ ਦੇ ਕੁੱਲ ਪੰਜ ਬੱਲੇਬਾਜ਼ ਪਹਿਲੇ-20 ਵਿੱਚ ਸ਼ਾਮਲ ਹਨ। ਇੰਗਲੈਂਡ ਖ਼ਿਲਾਫ਼ ਪਹਿਲੀ ਪਾਰੀ ਵਿੱਚ 95 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਕੁਇੰਟਨ ਡੀਕਾਕ ਅੱਜ ਜਾਰੀ ਤਾਜ਼ਾ ਦਰਜਾਬੰਦੀ ਵਿੱਚ ਚੋਟੀ ਦੇ ਦਸ ਵਿੱਚ ਸ਼ਾਮਲ ਹੋ ਗਿਆ।