February 5, 2025
#ਪੰਜਾਬ #ਭਾਰਤੀ ਡਾਇਸਪੋਰਾ

ਨਿਹੰਗ ਸਿੰਘਾਂ ਦਾ ਬੁਲਾਰਾ ਰਸਾਲਾ ‘ਨਿਹੰਗ ਸਿੰਘ ਸੰਦੇਸ਼’ ਜਥੇਦਾਰ ਅਕਾਲ ਤਖ਼ਤ ਨੇ ਕੀਤਾ ਜਾਰੀ

ਪੰਜਵੇਂ ਤਖ਼ਤ ਦੇ ਜਥੇਦਾਰ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਵੱਲੋਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ

ਫਤਹਿਗੜ੍ਹ ਸਾਹਿਬ – ਸਿੰਘ ਸਾਹਿਬ ਜਥੇਦਾਰ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਪ੍ਰਕਾਸ਼ਤ ਹੁੰਦਾ ਨਿਹੰਗ ਸਿੰਘਾਂ ਦਾ ਬੁਲਾਰਾ ਰਸਾਲਾ “ਨਿਹੰਗ ਸਿੰਘ ਸੰਦੇਸ਼” ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਨੇ ਸਾਂਝੇ ਤੌਰ ਤੇ ਗੁਰਦੁਆਰਾ ਬਿਬਾਨਗੜ੍ਹ ਛਾਉਣੀ ਬੁੱਢਾ ਦਲ ਵਿਖੇ ਰਾਲੀਜ਼ ਕੀਤਾ।ਇਸ ਰਸਾਲੇ ਦੀ ਸੰਪਾਦਨਾ ਸਿਖ ਵਿਦਵਾਨ ਸ. ਦਿਲਜੀਤ ਸਿੰਘ ਬੇਦੀ ਨਿਭਾ ਰਹੇ ਹਨ।ਇਸ ਮੌਕੇ ਵਿਸ਼ੇਸ਼ ਤੌਰ ਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਨਿਰਵਿਘਨ ਤੇ ਸਾਂਤੀ ਪੂਰਕ ਸਫਲਤਾ ਸਹਿਤ ਸੰਪੰਨ ਹੋਣ ‘ਤੇ ਪੰਜਵੇਂ ਤਖ਼ਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਚਲਦਾ ਵਹੀਰ ਚੱਕਰਵਰਤੀ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਪੁਜਣ ਵਾਲੀ ਸਮੁੱਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਇਕ ਬਿਆਨ ਵਿੱਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਫਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦਾ ਅਯੋਜਨ ਕਰਨ ਵਾਲਿਆਂ ਅਤੇ ਸੰਗਤਾਂ ਦੀ ਆਓੁ ਭਗਤ ਤੇ ਟਹਿਲ ਸੇਵਾ ਵਿਚ ਕਾਰਜ ਕਰਨ ਵਾਲੀਆਂ ਸਮੂੰਹ ਸਭਾ ਸੁਸਾਇਟੀਆਂ, ਸੇਵਕ ਜਥਿਆਂ, ਸ਼ਬਦੀ ਜਥਿਆਂ, ਲੰਗਰਾਂ, ਰਹਾਇਸਾਂ ਆਦਿ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਹਰੇਕ ਪ੍ਰਾਣੀ ਦਾ ਦਿਲੋ ਧੰਨਵਾਦ ਕੀਤਾ ਹੈ।ਉਨ੍ਹਾਂ ਕਿਹਾ ਕਿ ਹੱਡਭੰਨਵੀ ਠੰਢ ਵਿੱਚ ਵੀ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਦਿਆਂ ਸ਼ਰਧਾ ਸਹਿਤ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਅਕੀਦਤ ਭੇਟ ਕੀਤੀ ਹੈ। ਉਨ੍ਹਾਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਸਾਰੇ ਸਮਾਗਮ ਭਲੀਭਾਂਤ ਸੰਪੂਰਨ ਹੋਏ ਹਨ ਕੋਈ ਵੀ ਅਨਸੁਖਾਵੀਂ ਘਟਨਾ ਨਹੀਂ ਵਾਪਰੀ ਜਿਸ ਲਈ ਕੋਟਨ ਕੋਟ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਾਂ ਤੇ ਫਤਿਹਗੜ੍ਹ ਪੁੱਜਣ ਵਾਲੀ ਸਮੁੱਚੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ।ਉਨ੍ਹਾਂ ਵਿਸ਼ੇਸ਼ ਤੌਰ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਤੇ ਹੋਰ ਪ੍ਰਮੁਖ ਸ਼ਖਸ਼ੀਅਤਾਂ ਦੇ ਛਾਉਣੀ ਬੁੱਢਾ ਦਲ਼ ਪੁਜਣ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ।ਇਸ ਵੇਲੇ ਬਾਬਾ ਬਲਬੀਰ ਸਿੰਘ ਦੇ ਨਾਲ ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਸਰਵਨ ਸਿੰਘ ਮਝੈਲ, ਭਾਈ ਹਰਦੇਵ ਸਿੰਘ, ਭਾਈ ਮਨਮੋਹਣ ਸਿੰਘ ਆਦਿ ਹਾਜ਼ਰ ਸਨ।