ਵਿਜੇ ਇੰਦਰ ਸਿੰਗਲਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਨਿਯੁਕਤ
ਸਿੰਗਲਾ ਵੱਲੋਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ
ਚੰਡੀਗੜ – ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਕੌਮੀ ਬੁਲਾਰੇ ਸ੍ਰੀ ਵਿਜੇ ਇੰਦਰ ਸਿੰਗਲਾ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।ਸ੍ਰੀ ਸਿੰਗਲਾ ਨੇ ਆਪਣੀ ਇਸ ਨਿਯੁਕਤੀ ‘ਤੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨਾਂ ਹਾਈ ਕਮਾਨ ਵੱਲੋਂ ਆਪਣੇ ਉਪਰ ਭਰੋਸੇ ਜਤਾਉਣ ਲਈ ਸ਼ੁਕਰੀਆ ਕਰਦਿਆ ਇਹ ਵੀ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਵਾਂਗ ਪਾਰਟੀ ਵੱਲੋਂ ਨਿਭਾਈ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਹੇਠਲੇ ਪੱਧਰ ‘ਤੇ ਲਿਜਾਣ ਲਈ ਕੰਮ ਕਰਨਗੇ। ਸ੍ਰੀ ਸਿੰਗਲਾ ਨੇ ਕਿਹਾ ਕਿ ਪਾਰਟੀ ਨੇ ਉਨਾਂ ਨੂੰ ਵੱਡਾ ਮਾਣ ਦਿੱਤਾ ਹੈ ਅਤੇ ਉਹ ਪਾਰਟੀ ਵੱਲੋਂ ਪ੍ਰਗਟਾਏ ਇਸ ਵਿਸ਼ਵਾਸ ਉਤੇ ਖਰਾ ਉਤਰਨ ਲਈ ਦਿਨ-ਰਾਤ ਮਿਹਨਤ ਕਰਨਗੇ।ਸ੍ਰੀ ਸਿੰਗਲਾ ਨੇ ਇਸ ਤੋਂ ਪਹਿਲਾ ਆਲ ਇੰਡੀਆ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਵਿੱਚ ਅਹਿਮ ਰੋਲ ਨਿਭਾਉਂਦਿਆਂ ਪੂਰੇ ਦੇਸ਼ ਵਿੱਚ ਚੋਣਾਂ ਕਰਵਾਉਣ ਵਿੱਚ ਬਤੌਰ ਚੋਣ ਕਮਿਸ਼ਨਰ ਕੰਮ ਕੀਤਾ ਸੀ। ਇਸ ਤੋਂ ਪਹਿਲਾਂ ਉਹ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ, ਪੇਡਾ ਦੇ ਚੇਅਰਮੈਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਵੀ ਰਹੇ ਹਨ। ਮੌਜੂਦਾ ਸਮੇਂ ਉਹ ਸੰਗਰੂਰ ਤੋਂ ਵਿਧਾਇਕ ਹਨ ਅਤੇ ਪੰਜਾਬ ਸਰਕਾਰ ਵਿੱਚ ਲੋਕ ਨਿਰਮਾਣ ਅਤੇ ਸਕੂਲ ਸਿੱਖਿਆ ਜਿਹੇ ਦੋ ਅਹਿਮ ਵਿਭਾਗਾਂ ਦੇ ਕੈਬਨਿਟ ਮੰਤਰੀ ਹਨ।