ਏ.ਪੀ.ਆਰ.ਓ. ਸ਼ਾਮ ਸੁੰਦਰ ਅਤੇ ਟੀ.ਪੀ.ਓ. ਮਨਜੀਤ ਸਿੰਘ ਨੂੰ ਨਿੱਘੀ ਵਿਦਾਇਗੀ
ਵਧੀਕ ਡਾਇਰੈਕਟਰ ਸੇਨੂੰ ਦੁੱਗਲ ਵਲੋਂ ਸੇਵਾਮੁਕਤ ਅਧਿਕਾਰੀਆਂ ਦਾ ਸਨਮਾਨ
ਚੰਡੀਗੜ੍ਹ – ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਵਲੋਂ ਅੱਜ ਏ.ਪੀ.ਆਰ.ਓ ਸ਼ਾਮ ਸੁੰਦਰ ਅਤੇ ਟੀ.ਪੀ.ਓ. ਮਨਜੀਤ ਸਿੰਘ ਨੂੰ ਉਨ੍ਹਾਂ ਦੀ ਸੇਵਾਮੁਕਤੀ ‘ਤੇ ਨਿੱਘੀ ਵਿਦਾਇਗੀ ਦਿੱਤੀ ਗਈ।ਅੱਜ ਇਥੇ ਪੰਜਾਬ ਭਵਨ ਵਿਖੇ ਰੱਖੇ ਵਿਦਾਇਗੀ ਸਮਾਗਮ ਦੌਰਾਨ ਵਿਭਾਗ ਦੀ ਵਧੀਕ ਡਾਇਰੈਕਟਰ ਸ੍ਰੀਮਤੀ ਸੇਨੂੰ ਦੁੱਗਲ ਨੇ ਸੇਵਾਮੁਕਤ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਵਧੀਕ ਡਾਇਰੈਕਟਰ ਨੇ ਕਿਹਾ ਕਿ ਵਿਭਾਗ ਉਨ੍ਹਾਂ ਦੁਆਰਾ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖੇਗਾ।ਇਸ ਮੌਕੇ ਮੁੱਖ ਮੰਤਰੀ, ਪੰਜਾਬ ਦੇ ਵਧੀਕ ਡਾਇਰੈਕਟਰ (ਪ੍ਰੈਸ) ਓਪਿੰਦਰ ਸਿੰਘ ਲਾਂਬਾ, ਡਿਪਟੀ ਡਾਇਰੈਕਟਰ (ਪ੍ਰੈਸ) ਡਾ. ਅਜੀਤ ਕੰਵਲ ਸਿੰਘ ਹਮਦਰਦ, ਡਿਪਟੀ ਡਾਇਰੈਕਟਰ (ਇਸ਼ਤਿਹਾਰ) ਰਣਦੀਪ ਸਿੰਘ ਆਹਲੂਵਾਲੀਆ ਅਤੇ ਡਿਪਟੀ ਡਾਇਰੈਕਟਰ (ਖੇਤਰ) ਹਰਜੀਤ ਸਿੰਘ ਗਰੇਵਾਲ ਨੇ ਸ਼ਾਮ ਸੁੰਦਰ ਅਤੇ ਮਨਜੀਤ ਸਿੰਘ ਨੂੰ ਕੁਸ਼ਲ ਅਤੇ ਸਮਰਪਿਤ ਅਧਿਕਾਰੀ ਦੱਸਿਆ। ਉਨ੍ਹਾਂ ਕਿਹਾ ਕਿ ਸੇਵਾਮੁਕਤ ਅਧਿਕਾਰੀਆਂ ਨੇ ਆਪਣੀਆਂ ਸੇਵਾਵਾਂ ਲਗਨ ਅਤੇ ਤਨਦੇਹੀ ਨਾਲ ਨਿਭਾਈਆਂ ਅਤੇ ਵਿਭਾਗ ਵਿਚ ਉਨ੍ਹਾਂ ਦਾ ਯੋਗਦਾਨ ਸ਼ਲਾਘਾਯੋਗ ਹੈ। ਸੇਵਾਮੁਕਤ ਅਧਿਕਾਰੀਆਂ ਨੇ ਆਪਣੇ ਸਾਰੇ ਸੀਨੀਅਰ ਅਧਿਕਾਰੀਆਂ ਅਤੇ ਸਾਥੀ ਕਰਮਚਾਰੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਵਿਭਾਗ ਦੇ ਕਈ ਸੀਨੀਅਰ ਲੋਕ ਸੰਪਰਕ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।