ਬਲਬੀਰ ਸਿੰਘ ਸਿੱਧੂ ਵੱਲੋਂ ਸਾਲ 2020 ਦਾ ਕੈਲੰਡਰ ਜਾਰੀ
![](https://blastingskyhawk.com/wp-content/uploads/2020/01/17.jpg)
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 101 ਕਰੋੜ ਰੁਪਏ ਦੀ ਲਾਗਤ ਨਾਲ 1 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ : ਸਿਹਤ ਮੰਤਰੀ
ਚੰਡੀਗੜ੍ਹ – ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਵੱਲੋਂ ਸਾਲ 2020 ਦਾ ਕੈਲੰਡਰ ਜਾਰੀ ਕੀਤਾ ਗਿਆ। ਇਸ ਦੌਰਾਨ ਮੈਨੇਜਿੰਗ ਡਾਇਰੈਕਟਰ ਪੰਜਾਬ ਹੈਲਥ ਸਿਸਟਮਜ ਕਾਰਪੋਰੇਸ਼ਨ ਕਮ ਪ੍ਰੋਜੈਕਟ ਡਾਇਰੈਕਟਰ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਸ. ਮਨਵੇਸ਼ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਕੈਲੰਡਰ ਵਿੱਚ ਪ੍ਰਮੁੱਖ ਸਿਹਤ ਦਿਵਸਾਂ, ਹਫਤੇ, ਪੰਦਰਵਾੜੇ ਤੇ ਮਹੀਨੇ ਦਾ ਉਲੇਖ ਕੀਤਾ ਗਿਆ ਹੈ। ਸਿਹਤ ਵਿਭਾਗ, ਪੰਜਾਬ ਵੱਲੋਂ ਪਹਿਲੀ ਵਾਰ ਅਜਿਹਾ ਕੈਲੰਡਰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਪੰਜਾਬ ਵਿੱਚ ਮਨਾਏ ਜਾਂਦੇ 64 ਸਿਹਤ ਦਿਵਸਾਂ, 4 ਸਿਹਤ ਹਫਤੇ, 2 ਸਿਹਤ ਪੰਦਰਵਾੜੇ, 3 ਸਿਹਤ ਮਹੀਨੇ ਦੇ ਨਾਲ ਨਾਲ ਪੰਜਾਬ ਸਰਕਾਰ ਦੀਆਂ ਛੁੱਟੀਆਂ ਦਾ ਵੇਰਵੇ ਵੀ ਦਿੱਤੇ ਗਏ ਹਨ। ਇਸ ਦਾ ਉਦੇਸ਼ ਪੰਜਾਬ ਦੇ ਸਾਰੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸਿਹਤ ਦਿਵਸਾਂ, ਪੰਦਰਵਾੜੇ ਤੇ ਮਹੀਨੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਲੋਕ ਜਾਗਰੂਕ ਰਹਿ ਕੇ ਆਪਣੀ ਸਿਹਤ ਦਾ ਖਿਆਲ ਰੱਖ ਸਕਣ।ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਕੈਲੰਡਰ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ ਅਤੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਜ ਅਤੇ ਜ਼ਿਲ੍ਹੇ ਦੇ ਹੋਰ ਵਿਭਾਗਾਂ ਦੇ ਮੁੱਖੀਆਂ ਨੂੰ ਵੀ ਉਪਲਬੱਧ ਕਰਵਾਇਆ ਜਾਵੇਗਾ। ਉਨ੍ਹਾਂ ਨੇ ਸਾਰੇ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਕੈਲੰਡਰ ਅਨੁਸਾਰ ਸਿਹਤ ਦਿਵਸਾਂ, ਹਫਤੇ, ਪੰਦਰਵਾੜੇ ਤੇ ਮਹੀਨੇ ਨੂੰ ਮਨਾਉਣਾ ਯਕੀਨੀ ਬਣਾਇਆ ਜਾਵੇ ਅਤੇ ਇਸ ਮੌਕੇ ਤੇ ਖਾਸ ਜਾਗਰੂਕਤਾ ਗਤੀਵਿਧੀਆਂ ਉਲੀਕੀਆਂ ਜਾਣ।ਇਸ ਮੌਕੇ ਤੇ ਸ. ਬਲਬੀਰ ਸਿੰਘ ਸਿੱਧੂ ਨੇ ਸਿਹਤ ਵਿਭਾਗ, ਪੰਜਾਬ ਦੀ ਕਾਰਜਗੁਜਾਰੀ ਦਾ ਵੀ ਰਿਵਿਉ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਤਕਰੀਬਨ 40 ਲੱਖ ਲੋਕਾਂ ਨੂੰ ਈ-ਕਾਰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਕੁੱਲ 1 ਲੱਖ ਤੋਂ ਵੀ ਵੱਧ ਲੋਕ ਇਸ ਯੋਜਨਾ ਦਾ ਲਾਭ ਉਠਾ ਚੁੱਕੇ ਹਨ। ਇਨ੍ਹਾਂ ਦੇ ਇਲਾਜ ਤੇ 101 ਕਰੋੜ ਤੋਂ ਵੀ ਵੱਧ ਖਰਚ ਕੀਤਾ ਜਾ ਚੁੱਕਿਆ ਹੈ।ਇਸ ਦੌਰਾਨ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦਵਾਈਆਂ, ਮੁਫਤ ਇਲਾਜ ਤੇ ਜਰੂਰੀ ਟੈਸਟ ਮੁਫਤ ਕੀਤੇ ਜਾ ਰਹੇ ਹਨ। ਹੁਣ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਅਤੇ ਲੋਕਾਂ ਦੀ ਜਰੂਰਤ ਨੂੰ ਪੂਰਾ ਕਰਨ ਲਈ ਸਰਕਾਰੀ ਹਸਪਤਾਲਾਂ ਵਿੱਚ ਉੱਚ ਪੱਧਰੀ ਟੈਸਟਾਂ ਦੀ ਸੁਵਿਧਾ ਵੀ ਉਪਲਬੱਧ ਕਰਵਾਈ ਜਾ ਰਹੀ ਹੈ। ਇਸ ਅਧੀਨ ਪੀਪੀਪੀ ਮਾਡਲ ਦੇ ਆਧਾਰ ਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਸੀਟੀ ਸਕੈਨ, ਐਮਆਰਆਈ, ਕੈਥ ਲੈਬ ਤੋਂ ਇਲਾਵਾ ਹੋਰ ਐਡਵਾਂਸ ਟੈਸਟ ਉਪਲਬੱਧ ਕਰਵਾਏ ਜਾਣਗੇ।ਸ. ਬਲਬੀਰ ਸਿੰਘ ਸਿੱਧੂ ਨੇ ਪੰਜਾਬ ਵਿੱਚ ਵੱਧਦੀ ਠੰਡ ਦੇ ਮੱਦੇਨਜਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਠੰਡ ਤੋਂ ਬੱਚਣ ਲਈ ਇੰਤਜਾਮ ਕੀਤੇ ਜਾਣ ਅਤੇ ਸੰਵੇਦਨਸ਼ੀਲ ਵਾਰਡਾਂ ਵਿੱਚ ਹੀਟ ਟਰੀਟਮੈਂਟ ਦਾ ਪ੍ਰਬੰਧ ਕੀਤਾ ਜਾਵੇ ਅਤੇ ਖਾਸ ਤੌਰ ਤੇ ਮਾਂ ਤੇ ਬੱਚੇ ਦੀ ਸਿਹਤ ਨੂੰ ਧਿਆਨ ਵਿੱਚ ਰੱਖਿਆ ਜਾਵੇ। ਇਨ੍ਹਾਂ ਹੀ ਨਹੀਂ ਮਾਂ-ਬੱਚੇ ਦੀ ਸੰਭਾਲ ਲਈ ਸਿਹਤ ਵਿਭਾਗ, ਪੰਜਾਬ ਵੱਲੋਂ ਜਾਰੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ (ਐਸਓਪੀ) ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਆਪਣੇ ਹਸਪਤਾਲ ਵਿੱਚ ਐਸਐਮਓ ਦੁਆਰਾ ਰੋਜਾਨਾ ਵਿਜਿਟ ਯਕੀਨੀ ਬਣਾਈ ਜਾਵੇ ਅਤੇ ਜਿਥੇ ਕਿਤੇ ਵੀ ਕਮੀ ਪਾਈ ਜਾਂਦੀ ਹੈ। ਉਸਨੂੰ ਤੁਰੰਤ ਦਰੁਸਤ ਕੀਤਾ ਜਾਵੇ। ਇਸ ਦੇ ਨਾਲ ਨਾਲ ਸਰਕਾਰ ਵੱਲੋਂ ਉਪਲਬੱਧ ਦਵਾਈਆਂ ਤੇ ਹੋਰ ਸੁਵਿਧਾਵਾਂ ਦੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ।ਇਸ ਮੌਕੇ ਤੇ ਡਾਇਰੈਕਟਰ ਫੈਮਿਲੀ ਵੈਲਫੇਅਰ ਡਾ. ਰੀਟਾ ਭਾਰਦਵਾਜ, ਡਾਇਰੈਕਟਰ ਪੀਐਚਐਸਸੀ ਡਾ. ਮੀਨਾ ਹਰਦੀਪ, ਡਾਇਰੈਕਟਰ (ਪ੍ਰੋਕਿਉਰਮੈਂਟ) ਪੀਐਚਐਸਸੀ ਡਾ. ਰਾਜੇਸ਼ ਸ਼ਰਮਾ, ਓਐਸਡੀ ਟੂ ਹੈਲਥ ਮਿਨੀਸਟਰ ਡਾ. ਬਲਵਿੰਦਰ ਸਿੰਘ, ਸਟੇਟ ਹੈਲਥ ਏਜੰਸੀ ਦੇ ਏਸੀਈਓ ਡਾ. ਸ਼ਵੇਤਾ, ਡਾਇਰੈਕਟਰ (ਫਾਈਨਾਂਸ), ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਸ਼੍ਰੀ ਨੀਰਜ ਸਿੰਗਲਾ, ਪ੍ਰੋਗਰਾਮ ਅਫਸਰ ਆਈਈਸੀ/ਬੀਸੀਸੀ ਸ਼੍ਰੀ ਸ਼ਿਵਿੰਦਰ ਸਿੰਘ ਸਹਿਦੇਵ ਤੇ ਹੋਰ ਅਧਿਕਾਰੀ ਮੌਜੂਦ ਸਨ।