ਅੰਮ੍ਰਿਤਸਰ ਵਿਖੇ ਦਰਵਾਜ਼ਾ ਆਹਲੂਵਾਲੀਆ ਮੁੜ ਸਥਾਪਿਤ ਕਰਨ ਦੀ ਤਿਆਰੀ
![](https://blastingskyhawk.com/wp-content/uploads/2021/03/walia-asr.jpg)
ਅੰਮ੍ਰਿਤਸਰ ਵਿਖੇ ਦਰਵਾਜ਼ਾ ਆਹਲੂਵਾਲੀਆ ਮੁੜ ਸਥਾਪਿਤ ਕਰਨ ਦੀ ਤਿਆਰੀ
ਨਵਾਬ ਜੱਸਾ ਸਿੰਘ ਆਹਲੂਵਾਲੀਆ ਚੈਰੀਟੇਬਲ ਟਰੱਸਟ ਨੇ ਕੀਤਾ ਮੇਅਰ ਦਾ ਧੰਨਵਾਦ
ਮੋਹਾਲੀ
ਨਵਾਬ ਜੱਸਾ ਸਿੰਘ ਆਹਲੂਵਾਲੀਆ ਚੈਰੀਟੇਬਲ ਟਰੱਸਟ ਰਜਿ. ਦੀ ਮੀਟਿੰਗ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ ਜਿਨ੍ਹਾਂ ਵੱਲੋਂ ਅੰਮ੍ਰਿਤਸਰ ਵਿਖੇ ਆਹਲੂਵਾਲੀਆ ਦਰਵਾਜ਼ਾ ਬਣਾਉਣ ਸਬੰਧੀ ਕਾਰਵਾਈ ਆਰੰਭੀ ਗਈ ਹੈ।
ਚੇਅਰਮੈਨ ਚਰਨਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਸੰਸਥਾ ਵੱਲੋਂ ਬਕਾਇਦਾ ਤੌਰ ਤੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਤੇ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਪੱਤਰ ਲਿਖ ਕੇ ਇਹ ਬੇਨਤੀ ਕੀਤੀ ਗਈ ਸੀ ਕਿ ਅੰਮ੍ਰਿਤਸਰ ਵਿਖੇ ਆਹਲੂਵਾਲੀਆ ਦਰਵਾਜ਼ਾ ਮੁੜ ਸਥਾਪਤ ਕੀਤਾ ਜਾਵੇ।
ਚਰਨਜੀਤ ਸਿੰਘ ਵਾਲੀਆ ਨੇ ਦੱਸਿਆ ਕਿ 17 ਸਾਲ ਪਹਿਲਾਂ ਘਿਉ ਮੰਡੀ ਨੇਡ਼ੇ ਆਹਲੂਵਾਲੀਆ ਗੇਟ ਨੂੰ ਮੁੜ ਸਥਾਪਤ ਕਰਨ ਲਈ ਨੀਂਹ ਪੱਥਰ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ 2003 ਵਿਚ ਹੀ ਅੰਮ੍ਰਿਤਸਰ ਦੀ ਨਗਰ ਨਿਗਮ ਨੇ ਆਹਲੂਵਾਲੀਆ ਗੇਟ ਦੀ ਮੁੜ ਸਥਾਪਨਾ ਲਈ ਸਰਬਸੰਮਤੀ ਨਾਲ ਮਤਾ ਵੀ ਪਾਸ ਕੀਤਾ ਸੀ।
ਚਰਨਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਅੰਗਰੇਜ਼ਾਂ ਨੇ 1849 ਵਿੱਚ ਪੰਜਾਬ ਵਿੱਚ ਰਾਜ ਸਥਾਪਤ ਕਰਨ ਤੋਂ ਬਾਅਦ ਆਹਲੂਵਾਲੀਆ ਗੇਟ ਢਾਹ ਦਿੱਤਾ ਸੀ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਨਗਰ ਨਿਗਮ ਅੰਮ੍ਰਿਤਸਰ ਨੂੰ ਪੁਰਾਤਨ ਨਕਸ਼ੇ ਮੁਹੱਈਆ ਕਰਵਾਏ ਗਏ ਸਨ ਜਿਸ ਦੇ ਵਿਚ ਦਰਵਾਜ਼ਾ ਆਹਲੂਵਾਲੀਆ ਬਾਰੇ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਆਧਾਰ ‘ਤੇ ਹੁਣ ਇਕ ਗੇਟ ਮੁੜ ਸਥਾਪਤ ਹੋਣ ਜਾ ਰਿਹਾ ਹੈ।ਉਨ੍ਹਾਂ ਇਸ ਮੌਕੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ,ਕੈਬਨਿਟ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਅਤੇ ਐਮਐਲਏ ਰਾਜ ਕੁਮਾਰ ਵੇਰਕਾ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਖਾਸ ਤੌਰ ਤੇ ਸਾਬਕਾ ਸਿਹਤ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਨੇ ਵਿਸ਼ੇਸ਼ ਉਪਰਾਲੇ ਕਰ ਕੇ ਇਸ ਕੰਮ ਨੂੰ ਨੇਪਰੇ ਚੜ੍ਹਾਉਣ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ ਜਿਸ ਲਈ ਟਰੱਸਟ ਉਨ੍ਹਾਂ ਦੀ ਸ਼ਲਾਘਾ ਕਰਦਾ ਹੈ। ਉਨ੍ਹਾਂ ਅੰਮ੍ਰਿਤਸਰ ਵਿੱਚ ਆਹਲੂਵਾਲੀਆ ਬਰਾਦਰੀ ਦੇ ਪ੍ਰਦੀਪ ਸਿੰਘ ਵਾਲੀਆ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਹੈ ਜਿਨ੍ਹਾਂ ਦੀਆਂ ਅਣਥਕ ਕੋਸ਼ਿਸ਼ਾਂ ਸਦਕਾ ਇਹ ਪ੍ਰਾਜੈਕਟ ਨੇਪਰੇ ਚੜ੍ਹਨ ਜਾ ਰਿਹਾ ਹੈ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰ ਵਾਲੇ ਪਾਸੇ ਉਤਾਰੇ ਗਏ ਗਿੱਧੇ ਅਤੇ ਭੰਗੜੇ ਦੇ ਬੁੱਤਾਂ ਦੀ ਥਾਂ ‘ਤੇ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ, ਬਾਬਾ ਬਘੇਲ ਸਿੰਘ ਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਬੁੱਤ ਸਥਾਪਤ ਕੀਤੇ ਜਾਣ ਤਾਂ ਜੋ ਕੌਮ ਨੂੰ ਆਪਣੇ ਯੋਧਿਆਂ ਬਾਰੇ ਜਾਣਕਾਰੀ ਹਾਸਲ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਟਰੱਸਟ ਵੱਲੋਂ ਵੱਖਰੇ ਤੌਰ ਤੇ ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਨੂੰ ਪਹਿਲਾਂ ਹੀ ਪੱਤਰ ਲਿਖਿਆ ਜਾ ਚੁੱਕਾ ਹੈ।
ਇਸ ਮੀਟਿੰਗ ਵਿੱਚ ਨਗਰ ਕੌਂਸਲ ਮੁਹਾਲੀ ਦੇ ਸਾਬਕਾ ਪ੍ਰਧਾਨ ਹਰਿੰਦਰ ਪਾਲ ਸਿੰਘ ਬਿੱਲਾ, ਸਾਬਕਾ ਕੌਂਸਲਰ ਗੁਰਮੀਤ ਸਿੰਘ ਵਾਲੀਆ, ਟਰੱਸਟ ਦੇ ਵਾਈਸ ਚੇਅਰਮੈਨ ਜੀ ਐਸ ਰੋਸ਼ਾ, ਜਨਰਲ ਸਕੱਤਰ ਪਾਲ ਮੋਹਿੰਦਰ ਸਿੰਘ ਵਾਲੀਆ, ਸਕੱਤਰ ਫਾਇਨਾਂਸ ਪਦਮਜੀਤ ਸਿੰਘ ਵਾਲੀਆ, ਸਤਨਾਮ ਸਿੰਘ ਵਾਲੀਆ, ਇੰਜ.ਅਮਰਜੀਤ ਸਿੰਘ ਵਾਲੀਆ ਹੁਸ਼ਿਆਰਪੁਰ , ਡਾ. ਪਰਮਜੀਤ ਸਿੰਘ ਵਾਲੀਆ,ਅਮਰਜੀਤ ਸਿੰਘ ਵਾਲੀਆ, ਇੰਦਰਪਾਲ ਸਿੰਘ ਵਾਲੀਆ, ਨਰਿੰਦਰ ਸਿੰਘ ਵਾਲੀਆ ਤਰਨਤਾਰਨ, ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ, ਸਰਬਜੀਤ ਸਿੰਘ ਪਾਲ ਵੀ ਮੌਜੂਦ ਸਨ ।