Bibi Landran started election campaigning for Sohana
ਬੀਬੀ ਲਾਂਡਰਾਂ ਤੇ ਕੰਗ ਨੇ ਸੰਭਾਲੀ ਅਕਾਲੀ-ਬਸਪਾ ਉਮੀਦਵਾਰ ਪਰਵਿੰਦਰ ਸੋਹਾਣਾ ਦੀ ਚੋਣ ਪ੍ਰਚਾਰ ਮੁਹਿੰਮ
– ਅਕਾਲੀ ਉਮੀਦਵਾਰ ਪਰਵਿੰਦਰ ਸੋਹਾਣਾ ਨੂੰ ਚੋਣ ਜਿਤਾ ਕੇ ਕਾਂਗਰਸੀ ਵਿਧਾਇਕ ਦੀਆਂ ਧੱਕੇਸ਼ਾਹੀਆਂ ਤੋਂ ਛੁਡਾਵਾਂਗੇ ਲੋਕਾਂ ਦਾ ਖਹਿਡ਼ਾ : ਬੀਬੀ ਲਾਂਡਰਾਂ, ਕੰਗ
ਮੋਹਾਲੀ : ਵਿਧਾਨ ਸਭਾ ਹਲਕਾ ਮੋਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋਡ਼ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਦੀ ਚੋਣ ਪ੍ਰਚਾਰ ਮੁਹਿੰਮ ਐਸ.ਜੀ.ਪੀ.ਸੀ. ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਅਤੇ ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ ਨੇ ਸੰਭਾਲ ਲਈ ਹੈ।
ਘਰੋ-ਘਰੀ ਜਾ ਕੇ ਲੋਕਾਂ ਨੂੰ ਵੋਟਾਂ ਲਈ ਅਪੀਲ ਕਰਦਿਆਂ ਬੀਬੀ ਲਾਂਡਰਾਂ ਅਤੇ ਬੀਬੀ ਕੰਗ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀ ਸਰਕਾਰ ਵੱਲੋਂ ਉਦੋਂ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਅਤੇ ਉਪ-ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਪੰਜਾਬ ਦੇ ਲੋਕ ਅੱਜ ਵੀ ਯਾਦ ਕਰਦੇ ਹਨ ਅਤੇ ਕਾਂਗਰਸ ਪਾਰਟੀ ਵੱਲੋਂ ਨੀਂਹ ਪੱਥਰ ਰੱਖ-ਰੱਖ ਕੇ ਕੀਤੀ ਜਾ ਰਹੀ ਡਰਾਮੇਬਾਜ਼ੀ ਨੂੰ ਬੁਰੀ ਤਰ੍ਹਾਂ ਕੋਸ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਮੋਹਾਲੀ ਦਾ ਮੌਜੂਦਾ ਵਿਧਾਇਕ ਬਲਬੀਰ ਸਿੰਘ ਸਿੱਧੂ ਕੈਬਨਿਟ ਮੰਤਰੀ ਰਹਿ ਕੇ ਵੀ ਹਲਕੇ ਦਾ ਕੁਝ ਵੀ ਨਹੀਂ ਸੰਵਾਰ ਸਕਿਆ ਬਲਕਿ ਸਿਰਫ਼ ਆਪਣੇ ਭਰਾ ਨੂੰ ਗੁੰਡਾਗਰਦੀ ਨਾਲ ਨਗਰ ਨਿਗਮ ਦਾ ਮੇਅਰ ਬਣਾ ਕੇ ਨਿਗਮ ਅਧੀਨ ਤੇ ਜਾਂ ਹੋਰ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਉਤੇ ਨਜਾਇਜ਼ ਕਬਜ਼ੇ ਕਰਨ ਵਿੱਚ ਰੁੱਝਿਆ ਰਿਹਾ। ਸਿੱਧੂ ਭਰਾਵਾਂ ਦੀ ਜੋਡ਼ੀ ਵੱਲੋਂ ਕੀਤੇ ਜਾ ਰਹੇ ਕਬਜ਼ਿਆਂ ਬਾਰੇ ਬਕਾਇਦਾ ਖ਼ਬਰਾਂ ਵੀ ਮੀਡੀਆ ਵਿੱਚ ਨਸ਼ਰ ਹੁੰਦੀਆਂ ਰਹੀਆਂ ਹਨ।
ਬੀਬੀ ਪਰਮਜੀਤ ਕੌਰ ਲਾਂਡਰਾਂ ਅਤੇ ਬੀਬੀ ਕੁਲਦੀਪ ਕੌਰ ਕੰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਕਰਾਰੀ ਹਾਰ ਦਿੰਦੇ ਹੋਏ ਅਕਾਲੀ-ਬਸਪਾ ਦੇ ਨੌਜਵਾਨ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਤਾਂ ਜੋ ਹਲਕਾ ਮੋਹਾਲੀ ਦਾ ਵਿਕਾਸ ਹੋ ਸਕੇ ਅਤੇ ਨਜਾਇਜ਼ ਕਬਜ਼ਿਆਂ ਵਾਲੇ ਕਾਂਗਰਸੀ ਐਮ.ਐਲ.ਏ. ਨੂੰ ਚਲਦਾ ਕੀਤਾ ਜਾ ਸਕੇ।