Birth anniversary of Sahibzada Baba Ajit Singh celebrated with great devotion at Soahana Gurdwara
ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਇੱਥੋ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਮ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਡੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ । ਜਨਮ ਦਿਹਾੜੇ ਦੇ ਖੁੱਸ਼ੀ ਵਿੱਚ ਸਵੇਰੇ 9:00 ਵਜੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ । ਇਸ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਧਾਰਮਿਕ ਸਮਾਗਮ ਵਿੱਚ ਬੀਬੀ ਜਸਵੀਰ ਕੌਰ ਜੱਸ ਅਤੇ ਸੁਲਤਾਨਪੁਰ ਲੋਧੀ ਵਾਲੀਆਂ ਬੀਬੀਆਂ ਦੇ ਇੰਟਰਨੈਸ਼ਨਲ ਢਾਡੀ ਜੱਥੇ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਪੂਰਾ ਜੀਵਨ ਬ੍ਰਿਤਾਂਤ ਸੰਗਤਾਂ ਨੂੰ ਵਿਸਥਾਰ ਸਹਿਤ ਸੁਣਾਇਆ ।
ਭਾਈ ਸੰਦੀਪ ਸਿੰਘ ਜੀ ਸ਼੍ਰੋਮਣੀ ਪ੍ਰਚਾਰਕ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਧਰਮ ਦੀ ਆਜ਼ਾਦੀ ਖਾਤਰ ਛੋਟੀ ਉਮਰੇ ਪ੍ਰਾਪਤ ਕੀਤੀ, ਅਦੁੱਤੀ ਅਤੇ ਲਾਸਾਨੀ ਸ਼ਹਾਦਤ ਦਾ ਪੂਰਾ ਪ੍ਰਸੰਗ ਸੰਗਤਾਂ ਨੂੰ ਸਰਵਣ ਕਰਾਇਆ। ਭਾਈ ਸੁਖਦੇਵ ਜੀ ਕੋਮਲ ਲੁਧਿਆਣੇ ਵਾਲਿਆਂ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ । ਇਸ ਤੋਂ ਇਲਾਵਾ ਭਾਈ ਗੁਰਪ੍ਰੀਤ ਸਿੰਘ ਜੀ ਮੁੱਖ ਗ੍ਰੰਥੀ ਗੁ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ, ਹਰਜੱਸ ਕੀਰਤਨੀ ਜੱਥਾ, ਸ਼੍ਰੋਮਣੀ ਪ੍ਰਚਾਰਕ ਭਾਈ ਮਨਜਿੰਦਰ ਸਿੰਘ ਜੀ ਦਮਦਮੀ ਟਕਸਾਲ ਵਾਲੇ, ਭਾਈ ਕੰਵਲਜੀਤ ਸਿੰਘ ਜੀ, ਭਾਈ ਕੁਲਦੀਪ ਸਿੰਘ ਜੀ, ਭਾਈ ਮਹਿੰਦਰ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਕਰਨੈਲ ਸਿੰਘ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਜਤਿੰਦਰ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਨੀਤਿਨ ਸਿੰਘ, ਭਾਈ ਸੁਖਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ । ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਜਨਮ ਦਿਹਾੜੇ ਦੇ ਖੁਸ਼ੀ ਵਿੱਚ ਦਰਬਾਰ ਸਾਹਿਬ ਜੀ ਦੀ ਅੰਦਰੋਂ ਫੁੱਲਾਂ ਨਾਲ ਵਿਸ਼ੇਸ਼ ਸਜਾਵਟ ਕੀਤੀ ਗਈ ਸੀ । ਇਸ ਦਿਨ ਹਜਾਰਾਂ ਸੰਗਤਾਂ ਨੇ ਇਸ ਅਸਥਾਨ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਇਸ ਦਿਨ ਕਰਵਾਏ ਮਹਾਨ ਅੰਮ੍ਰਿਤ ਸੰਚਾਰ ਵਿੱਚ ਵੱਡੀ ਗਿਣਤੀ ਵਿੱਚ ਪ੍ਰਾਣੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ। ਗੁਰੂ ਕਾ ਲੰਗਰ ਇਸ ਮੌਕੇ ਅਤੁੱਟ ਵਰਤਾਇਆ ਗਿਆ ।
ਇਸ ਮੌਕੇ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਬੁਲਾਰੇ ਨੇ ਦੱਸਿਆ ਕਿ ਦਸਮ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਨਾਮ ਤੇ ਵਸਾਏ ਸ਼ਹਿਰ ਦਾ ਨਾਂ ਮੋਹਾਲੀ ਨਹੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੈ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਮੋਹਾਲੀ ਨਹੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੜਿਆ ਲਿੱਖਿਆ ਅਤੇ ਉਚਾਰਿਆ ਜਾਵੇ।