February 5, 2025
#ਭਾਰਤ

4 ਕਾਲੇ ਹਿਰਨ ਅਤੇ 1 ਮੋਰ ਦਾ ਸ਼ਿਕਾਰ ਕਰਨ ਵਾਲਿਆਂ ਨੇ 3 ਪੁਲਿਸ ਮੁਲਾਜ਼ਮਾਂ ਦੀ ਵੀ ਲਈ ਜਾਨ

ਮੱਧ ਪ੍ਰਦੇਸ਼ : ਜੰਗਲ ਵਿਚ ਸਿ਼ਕਾਰ ਕਰਨ ਗਏ ਸਿ਼ਕਾਰੀਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿਤਾ। ਸ਼ਿਕਾਰੀ ਜਦੋ ਚਾਰ ਹਿਰਨ ਅਤੇ ਇਕ ਮੋਰ ਨੂੰ ਮਾਰ ਕੇ ਪਰਤ ਰਹੇ ਸਨ ਤਾਂ ਉਨ੍ਹਾਂ ਦਾ ਸਾਹਮਣਾ ਪੁਲਿਸ ਨਾਲ ਹੋ ਗਿਆ ਅਤੇ ਦੋਵਾਂ ਪਾਸਿਆਂ ਤੋਂ ਕਾਫੀ ਦੇਰ ਗੋਲੀਆਂ ਚਲਦੀਆਂ ਰਹੀਆਂ।
ਦਰਅਸਲ ਮੱਧ ਪ੍ਰਦੇਸ਼ ਦੇ ਗੁਨਾ ‘ਚ ਸ਼ਿਕਾਰੀਆਂ ਨੇ ਐੱਸਆਈ ਸਮੇਤ 3 ਪੁਲਿਸ ਮੁਲਾਜ਼ਮਾਂ ਨੂੰ ਗੋਲੀ ਮਾਰ ਦਿੱਤੀ ਹੈ। ਐਸਪੀ ਗੁਨਾ ਰਾਜੀਵ ਮਿਸ਼ਰਾ ਨੇ ਦੱਸਿਆ ਕਿ ਆਰੋਨ ਥਾਣਾ ਖੇਤਰ ਦੇ ਜੰਗਲ ਵਿੱਚ ਸ਼ਿਕਾਰੀਆਂ ਨੇ ਆਰੋਨ ਥਾਣੇ ਦੇ ਐਸਆਈ, ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਸਮੇਤ 3 ਪੁਲਿਸ ਮੁਲਾਜ਼ਮਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ।

ਦੱਸ ਦੇਈਏ ਕਿ ਸ਼ਿਕਾਰੀ ਆਰੋਨ ਦੇ ਜੰਗਲ ਵਿੱਚ 4 ਕਾਲੇ ਹਿਰਨ ਅਤੇ 1 ਮੋਰ ਦਾ ਸ਼ਿਕਾਰ ਕਰਕੇ ਵਾਪਸ ਪਰਤ ਰਹੇ ਸਨ, ਉਦੋਂ ਹੀ ਉਨ੍ਹਾਂ ਦਾ ਪੁਲਿਸ ਨਾਲ ਸਾਹਮਣਾ ਹੋ ਗਿਆ। ਪੁਲਿਸ ਅਤੇ ਸ਼ਿਕਾਰੀਆਂ ਵਿਚਕਾਰ ਮੁਕਾਬਲਾ ਹੋਇਆ। ਦੋਵਾਂ ਪਾਸਿਆਂ ਤੋਂ 50 ਤੋਂ ਵੱਧ ਰਾਊਂਡ ਫਾਇਰ ਕੀਤੇ ਗਏ। ਸ਼ਿਕਾਰੀਆਂ ਨੇ ਪੁਲਿਸ ‘ਤੇ ਗੋਲੀ ਚਲਾ ਦਿੱਤੀ, ਜਿਸ ‘ਚ ਸਬ-ਇੰਸਪੈਕਟਰ ਰਾਜਕੁਮਾਰ ਜਾਟਵ, ਹੈੱਡ ਕਾਂਸਟੇਬਲ ਸੰਤਰਾਮ ਮੀਨਾ ਅਤੇ ਕਾਂਸਟੇਬਲ ਨੀਰਜ ਭਾਰਗਵ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਦੀ ਸਰਕਾਰੀ ਜੀਪ ਦੇ ਪ੍ਰਾਈਵੇਟ ਡਰਾਈਵਰ ਦੇ ਹੱਥ ਵਿੱਚ ਗੋਲੀ ਲੱਗੀ ਹੈ।

ਸ਼ਿਕਾਰੀ ਪੁਲਿਸ ਦੀ ਰਾਈਫਲ ਵੀ ਲੁੱਟ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸ਼ਿਕਾਰੀ ਮੋਟਰਸਾਈਕਲ ‘ਤੇ ਜੰਗਲ ‘ਚ ਸ਼ਿਕਾਰ ਕਰਨ ਆਏ ਸਨ। ਪੁਲਿਸ ਨੇ ਮ੍ਰਿਤਕ ਪੁਲਿਸ ਮੁਲਾਜ਼ਮਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜੰਗਲਾਤ ਵਿਭਾਗ ਨੇ ਚਾਰ ਕਾਲੇ ਹਿਰਨ ਅਤੇ ਮੋਰ ਦੀਆਂ ਲਾਸ਼ਾਂ ਨੂੰ ਵੀ ਪੋਸਟਮਾਰਟਮ ਲਈ ਭੇਜ ਦਿੱਤਾ ਹੈ।