February 4, 2025
#ਪੰਜਾਬ

ਕੀ ਜਾਖੜ ਦੇ ਅਸਤੀਫ਼ੇ ਦਾ ਅਸਰ ? ਰਾਜਸਥਾਨ ‘ਚ ਕਾਂਗਰਸ ਦੇ ‘ਚਿੰਤਨ ਸ਼ਿਵਿਰ’ ‘ਚੋਂ ਚੰਨੀ ਤੇ ਸਿੱਧੂ ਗ਼ਾਇਬ

ਚੰਡੀਗੜ੍ਹ : ਪੰਜਾਬ ਦੇ ‘ਪੋਸਟਰ ਬੁਆਏ’ ਕਾਂਗਰਸ ਦੇ ਚਿੰਤਨ ਸ਼ਿਵਿਰ ‘ਚੋਂ ਗਾਇਬ ਹੋ ਗਏ। ਯਾਨੀ ਕਿ ਰਾਜਸਥਾਨ ਦੇ ਉਦੈਪੁਰ ‘ਚ ਚੱਲ ਰਹੇ ਚਿੰਤਨ ਸ਼ਿਵਿਰ ‘ਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਗ਼ੈਰ ਹਾਜ਼ਰ ਹਨ। ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪੰਜਾਬ ਤੋਂ ਚਿੰਤਨ ਸ਼ਿਵਿਰ ਵਿੱਚ ਪੁੱਜੇ ਹੋਏ ਹਨ।

ਦੱਸ ਦਈਏ ਕਿ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਦੀ ਜੋੜੀ ਨੂੰ ਕਾਂਗਰਸ ਨੇ ਪੰਜਾਬ ਦੀ ਵਾਗਡੋਰ ਸੌਂਪੀ ਸੀ, ਉਨ੍ਹਾਂ ਨੂੰ ਹੁਣ ਚਿੰਤਨ ਸ਼ਿਵਿਰ ਵਿੱਚ ਨਹੀਂ ਬੁਲਾਇਆ ਗਿਆ। ਇਹ ਵੀ ਪਤਾ ਲੱਗਾ ਹੈ ਕਿ ਸੁਨੀਲ ਜਾਖੜ ਵੀ ਸੱਦੇ ਦੀ ਉਡੀਕ ਕਰਦੇ ਰਹੇ। ਉਨ੍ਹਾਂ ਦੀ ਯੋਜਨਾ ਚਿੰਤਨ ਸ਼ਿਵਿਰ ‘ਚ ਆਗੂਆਂ ਦੀ ਪੋਲ ਖੋਲ੍ਹਣ ਦੀ ਸੀ, ਪਰ ਸਭ ਕੁਝ ਧਰਿਆ ਧਰਾਇਆ ਰਹਿ ਗਿਆ। ਇਸ ਤੋਂ ਬਾਅਦ ਬੀਤੇ ਦਿਨ ਉਨ੍ਹਾਂ ਨੇ ਕਾਂਗਰਸ ਛੱਡ ਦਿੱਤੀ।

ਸਿੱਧੂ ਨੇ ਜਾਖੜ ਨੂੰ ਸੋਨੇ ਤੋਂ ਵੀ ਵੱਧ ਬੇਸ਼ਕੀਮਤੀ ਦੱਸਿਆ। ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਤੰਜ਼ ਕੱਸਦਿਆ ਕਿਹਾ ਕਿ ਹੁਣ ਜਾਖੜ ਨੂੰ ਕਾਂਗਰਸ ਕੀ ਰਾਸ਼ਟਰਪਤੀ ਬਣਾ ਦਿਤਾ ਜਾਵੇ। ਉੱਥੇ ਹੀ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਜਾਖੜ ਕਾਂਗਰਸ ‘ਚ ਕਿਰਾਏਦਾਰ ਨਹੀਂ ਸਨ। ਪੰਜਾਬ ‘ਚ ਕਾਂਗਰਸ ਪਹਿਲਾਂ ਹੀ ਕਈ ਧੜਿਆਂ ‘ਚ ਵੰਡੀ ਹੋਈ ਹੈ। ਅਜਿਹੇ ‘ਚ ਇਸ ਨਵੇਂ ਘਮਸਾਨ ਕਾਰਨ ਪਾਰਟੀ ਦੀ ਹਾਲਤ ਵਿਗੜਦੀ ਨਜ਼ਰ ਆ ਰਹੀ ਹੈ।

ਕਾਂਗਰਸ ਨੇ ਚੋਣਾਂ ਤੋਂ 3 ਮਹੀਨੇ ਪਹਿਲਾਂ ਨਵਜੋਤ ਸਿੱਧੂ ‘ਤੇ ਖੇਡਿਆ ਵੱਡਾ ਦਾਅ, ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਦੇ ਬਾਵਜੂਦ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਇਆ ਗਿਆ। ਕੁਝ ਹੀ ਦਿਨਾਂ ‘ਚ ਸਿੱਧੂ ਨੇ ਅਜਿਹਾ ਬਾਗੀ ਮੈਦਾਨ ਤਿਆਰ ਕਰ ਲਿਆ ਕਿ ਕੈਪਟਨ ਨੂੰ CM ਦੀ ਕੁਰਸੀ ਛੱਡਣੀ ਪਈ। ਹਾਲਾਂਕਿ ਬਾਅਦ ‘ਚ ਕਾਂਗਰਸ ਨੇ ਖੁਦ ਸਿੱਧੂ ਦੀ ਗੱਲ ਮੰਨ ਲਈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸੀਐਮ ਨਹੀਂ ਬਣਾਇਆ ਗਿਆ ਸੀ। ਇਸ ਤੋਂ ਬਾਅਦ ਸਿੱਧੂ ਨੂੰ ਚੋਣਾਂ ਵਿੱਚ ਸੀਐਮ ਚਿਹਰਾ ਵੀ ਨਹੀਂ ਬਣਾਇਆ ਗਿਆ। ਹੁਣ ਕਾਂਗਰਸ ਨੇ ਸਿੱਧੂ ਨੂੰ ਅਨੁਸ਼ਾਸਨੀ ਕਾਰਵਾਈ ਦਾ ਨੋਟਿਸ ਭੇਜਿਆ ਹੈ।