February 4, 2025
#ਭਾਰਤ

PM Modi ਅੱਜ ਨੇਪਾਲ ਜਾਣਗੇ, ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਕਰਨਗੇ ਗੱਲਬਾਤ

ਸੱਤ ਸਮਝੌਤਿਆਂ ‘ਤੇ ਦਸਤਖਤ ਕੀਤੇ ਜਾਣਗੇ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨੇਪਾਲ ਜਾਣਗੇ। ਉਹ ਗੌਤਮ ਬੁੱਧ ਦੇ ਜਨਮ ਸਥਾਨ ਲੁੰਬੀਨੀ ਦਾ ਦੌਰਾ ਕਰਨਗੇ। ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨਾਲ ਵੀ ਮੁਲਾਕਾਤ ਕਰਨਗੇ। ਪੀਐਮ ਮੋਦੀ ਬੁੱਧ ਪੂਰਨਿਮਾ ਦੇ ਮੌਕੇ ‘ਤੇ ਬੁੱਧ ਕਲਚਰ ਐਂਡ ਹੈਰੀਟੇਜ ਸੈਂਟਰ ਦਾ ਨੀਂਹ ਪੱਥਰ ਰੱਖਣ ਲਈ ਆਯੋਜਿਤ ਸਮਾਰੋਹ ‘ਚ ਹਿੱਸਾ ਲੈਣਗੇ। ਸੂਤਰਾਂ ਮੁਤਾਬਕ ਪੀਐੱਮ ਸਵੇਰੇ 10.30 ਤੋਂ 3.30 ਵਜੇ ਤੱਕ ਨੇਪਾਲ ‘ਚ ਰਹਿਣਗੇ।

ਪ੍ਰੋਗਰਾਮ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਵਿਸ਼ਵ ਵਿਰਾਸਤੀ ਸਥਾਨ ਲੁੰਬੀਨੀ ਵਿਖੇ ਬੁੱਧ ਜਯੰਤੀ ਪ੍ਰੋਗਰਾਮ ‘ਚ ਸ਼ਿਰਕਤ ਕਰਨਗੇ। ਇਸ ਦੌਰਾਨ ਉਹ ਬੁੱਧ ਸਰਕਟ ਭਾਈਵਾਲੀ ਅਤੇ ਸੰਪਰਕ ਦੇ ਮਹੱਤਵਪੂਰਨ ਪ੍ਰੋਜੈਕਟਾਂ ਦਾ ਐਲਾਨ ਕਰ ਸਕਦੇ ਹਨ। ਪ੍ਰਸਤਾਵਿਤ ਯੋਜਨਾ ਤਹਿਤ ਭਾਰਤ ਦੀ ਮਦਦ ਨਾਲ ਕੁਸ਼ੀਨਗਰ ਅਤੇ ਲੁੰਬੀਨੀ ਵਿਚਕਾਰ ਰੇਲਵੇ ਲਾਈਨ ਵਿਛਾਈ ਜਾਣੀ ਹੈ। ਨਾਲ ਹੀ ਭਾਰਤੀ ਬੋਧੀ ਸਥਾਨਾਂ ਨੂੰ ਕਪਿਲਵਾਸਤੂ ਅਤੇ ਲੁੰਬਨੀ ਨਾਲ ਸੜਕ ਦੁਆਰਾ ਜੋੜਿਆ ਜਾਣਾ ਹੈ। ਇਨ੍ਹਾਂ ਪ੍ਰਾਜੈਕਟਾਂ ‘ਤੇ ਭਾਰਤ ਅਤੇ ਨੇਪਾਲ ਵਿਚਾਲੇ ਗੱਲਬਾਤ ਚੱਲ ਰਹੀ ਹੈ।

ਪ੍ਰਧਾਨ ਮੰਤਰੀ ਮੋਦੀ ਭਗਵਾਨ ਬੁੱਧ ਦੀ ਜਨਮ ਭੂਮੀ ਲੁੰਬੀਨੀ ਤੋਂ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦੇਣਗੇ। ਇਸ ਮੌਕੇ ਪ੍ਰਧਾਨ ਮੰਤਰੀ ਬੋਧੀ ਤੀਰਥ ਸਥਾਨਾਂ ਨੂੰ ਰੇਲ ਅਤੇ ਸੜਕ ਰਾਹੀਂ ਜੋੜਨ ਦੀ ਯੋਜਨਾ ਦਾ ਐਲਾਨ ਕਰ ਸਕਦੇ ਹਨ। ਭਾਰਤੀ ਪ੍ਰਧਾਨ ਮੰਤਰੀ ਦੀ ਨੇਪਾਲ ਯਾਤਰਾ ਨੂੰ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਦੀ ਦਿਸ਼ਾ ‘ਚ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਕਰੀਬ ਚਾਰ ਸਾਲ ਬਾਅਦ ਨੇਪਾਲ ਦੌਰੇ ‘ਤੇ ਜਾ ਰਹੇ ਹਨ।

ਸੱਤ ਸਮਝੌਤਿਆਂ ‘ਤੇ ਦਸਤਖਤ ਕੀਤੇ ਜਾਣਗੇ
ਨੇਪਾਲ ਦੇ ਵਿਦੇਸ਼ ਮੰਤਰਾਲੇ ਦੇ ਸੂਤਰ ਦਾ ਕਹਿਣਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਦੀ ਲੁੰਬੀਨੀ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਸੱਤ ਸਮਝੌਤਿਆਂ ‘ਤੇ ਦਸਤਖਤ ਕੀਤੇ ਜਾਣਗੇ। ਇਸ ਨਾਲ ਵਿਦਿਅਕ ਅਤੇ ਸੱਭਿਆਚਾਰਕ ਸਬੰਧ ਹੋਰ ਗੂੜ੍ਹੇ ਹੋਣਗੇ। ਐਜੂਕੇਸ਼ਨਲ ਐਂਡ ਕਲਚਰਲ ਫਾਊਂਡੇਸ਼ਨ ਆਫ ਇੰਡੀਆ ਲੁੰਬੀਨੀ ਬੋਧੀ ਯੂਨੀਵਰਸਿਟੀ ਅਤੇ ਤ੍ਰਿਭੁਵਨ ਯੂਨੀਵਰਸਿਟੀ ਨਾਲ ਇਕ-ਇਕ ਅਤੇ ਕਾਠਮੰਡੂ ਯੂਨੀਵਰਸਿਟੀ ਨਾਲ ਤਿੰਨ ਸਮਝੌਤਿਆਂ ‘ਤੇ ਦਸਤਖਤ ਕਰੇਗੀ। ਕਾਠਮੰਡੂ ਯੂਨੀਵਰਸਿਟੀ ਅਤੇ ਆਈ.ਆਈ.ਟੀ. ਚੇਨਈ ਦੋ ਹੋਰ ਐਮਓਯੂ ਹੋਣਗੇ।