February 5, 2025
#ਦੇਸ਼ ਦੁਨੀਆਂ

ਅਮਰੀਕਾ ‘ਚ ਚਰਚ ਅੰਦਰ ਹੋਈ ਗੋਲੀਬਾਰੀ, ਇਕ ਦੀ ਗਈ ਜਾਨ, ਕਈ ਜ਼ਖ਼ਮੀ

ਅਮਰੀਕਾ : ਅਮਰੀਕਾ ਵਿਚ ਆਏ ਦਿਨ ਗੋਲੀਆਂ ਚਲਦੀਆਂ ਰਹਿੰਦੀਆਂ ਹਨ ਪਰ ਇਸ ਵਾਰ ਇਕ ਧਾਰਮਕ ਥਾਂ ਦੇ ਅੰਦਰ ਗੋਲੀਆਂ ਚਲਾ ਦਿਤੀਆਂ ਗਈਆਂ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਦੱਖਣੀ ਕੈਲੀਫੋਰਨੀਆ ਵਿੱਚ ਜਿਨੇਵਾ ਪ੍ਰੈਸਬੀਟੇਰੀਅਨ ਚਰਚ ਅੰਦਰ ਐਤਵਾਰ ਦੁਪਹਿਰ 1:26 ਵਜੇ ਗੋਲੀਬਾਰੀ (firing) ਹੋਈ। ਇਸ ਹਮਲੇ ‘ਚ 4 ਲੋਕ ਗੰਭੀਰ ਜ਼ਖਮੀ ਹੋ ਗਏ, ਜਦਕਿ ਇੱਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਹਥਿਆਰ ਸਮੇਤ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਐਤਵਾਰ ਨੂੰ ਚਰਚ ਆਫ ਲਾਗੁਨਾ ਵੁਡਸ ‘ਚ ਪ੍ਰਾਰਥਨਾ ਸਭਾ ਲਈ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ ਸਨ, ਜਿਸ ਦੌਰਾਨ ਇਹ ਘਟਨਾ ਵਾਪਰੀ। ਲਾਗੁਨਾ ਵੁਡਸ, 16,000 ਦੀ ਆਬਾਦੀ ਵਾਲਾ, ਡਾਊਨਟਾਊਨ ਲਾਸ ਏਂਜਲਸ ਤੋਂ 80 ਕਿਲੋਮੀਟਰ ਦੂਰ ਹੈ।

ਔਰੇਂਜ ਕਾਉਂਟੀ ਸ਼ੈਰਿਫ ਵਿਭਾਗ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਸ਼ੈਰਿਫ ਨੇ ਲਿਖਿਆ, ”ਲਾਗੁਨਾ ਵੁਡਸ ਦੇ ਐਲ ਟੋਰੋ ਰੋਡ ਦੇ 24000 ਬਲਾਕ ਵਿੱਚ ਇੱਕ ਚਰਚ ਵਿੱਚ ਗੋਲੀਬਾਰੀ ਹੋਈ। ਕਈ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ। ਅਸੀਂ ਮਾਮਲੇ ਬਾਰੇ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।”