February 4, 2025
#ਟ੍ਰਾਈਸਿਟੀ #ਪੰਜਾਬ #ਪ੍ਰਮੁੱਖ ਖ਼ਬਰਾਂ

DPI Primary held an important meeting with the leaders of ETT Teachers Union Punjab

ਡੀਪੀਆਈ ਪ੍ਰਾਇਮਰੀ ਨੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਲੀਡਰਾਂ ਨਾਲ ਕੀਤੀ ਅਹਿਮ ਮੀਟਿੰਗ

ਅਨਾਮਲੀ ਦੂਰ ਕਰਨ ਸਬੰਧੀ ਤੇ ਹੋਰ ਮੰਗਾਂ ਸਬੰਧੀ ਜਲਦੀ ਹੋਣਗੇ ਜ਼ਿਲ੍ਹਿਆਂ ਦੇ ਸਿੱਖਿਆ ਅਫ਼ਸਰਾਂ ਨੂੰ ਲਿਖਤੀ ਹੁਕਮ

ਮੀਟਿੰਗ ਦੌਰਾਨ ਰੱਖੀਆਂ ਮੰਗਾਂ ਅਗਰ ਜਲਦੀ ਹੀ ਪੂਰੀਆਂ ਨਾ ਹੋਈਆਂ, ਤਾਂ ਆਵੇਗਾ ਸੰਘਰਸ਼ ਦਾ ਹੜ੍ਹ

ਮੁਹਾਲੀ, 16 ਮਈ: ਪੰਜਾਬ ਦੇ ਈਟੀਟੀ ਅਧਿਆਪਕਾਂ ਦੀ ਇੱਕ ਵੱਡੀ ਜੰਥੇਬੰਦੀ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਆਗੂਆਂ ਨਾਲ ਅੱਜ ਡੀਪੀਆਈ ਪ੍ਰਾਇਮਰੀ ਹਰਿੰਦਰ ਕੌਰ ਵੱਲੋਂ ਸਿੱਖਿਆ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਮੁਹਾਲੀ ਵਿਖੇ ਅਹਿਮ ਮੀਟਿੰਗ ਕੀਤੀ ਗਈ। ਇਹ ਮੀਟਿੰਗ ਜੰਥੇਬੰਦੀ ਸੂਬਾ ਪ੍ਰਧਾਨ ਰਛਪਾਲ ਸਿੰਘ ਵੜੈਚ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਅਧਿਆਪਕਾਂ ਦੀ ਅਨਾਮਲੀ ਦੂਰ ਕਰਨ, ਪੇਅ ਕਮੀਸ਼ਨ ਦੀ ਰਿਪੋਰਟ ਦੇ ਰਹਿੰਦੇ ਬਕਾਏ, ਪੇਅ ਕਮੀਸ਼ਨ ਦੀ ਰਿਪੋਰਟ ਦੇ ਬਕਾਏ ਤੇ ਤਨਖਾਹਾਂ ਲਈ ਬਜ਼ਟ ਦੇਣ, ਪ੍ਰਮੋਸ਼ਨਾਂ, ਜ਼ਿਲ੍ਹਾ ਪ੍ਰੀਸ਼ਦ ਤੋਂ ਆਏ ਅਧਿਆਪਕਾਂ ਦੀ ਸੀਨੀਆਰਤਾ ਉਹੀ ਰੱਖਣ ਆਦਿ ਬਾਰੇ ਵਿਚਾਰ ਚਰਚਾ ਕੀਤੀ ਗਈ। ਜਿਸ ਦੌਰਾਨ ਡੀਪੀਆਈ ਮੈਡਮ ਨੇ ਕਿਹਾ ਕਿ ਤਨਖਾਹਾਂ ਤੇ ਬਕਾਇਆ ਸਬੰਧੀ ਬਜ਼ਟ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ, ਈਟੀਟੀ ਤੋਂ ਐਚ ਟੀ, ਸੀ ਐਚ ਟੀ ਤੇ ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾਂ ਵੀ ਵਿਭਾਗ ਦੇ ਵਿਚਾਰ ਅਧੀਨ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਅਨਾਮਲੀ ਦੂਰ ਕਰਨ ਸਬੰਧੀ ਤੇ ਪੇਅ ਕਮੀਸ਼ਨ ਦੇ ਰਹਿੰਦੇ ਬਕਾਏ ਤੁਰੰਤ ਦੇਣ ਲਈ, ਸੀਨੀਆਰਤਾ ਸੂਚੀ ਠੀਕ ਕਰਨ ਲਈ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਜਲਦੀ ਹੀ ਹੁਕਮ ਕੀਤੇ ਜਾਣਗੇ।

ਇਸ ਮੌਕੇ ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਦੀ ਨਵੀਂ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਰਾਜ ਦੇ ਮੁਲਾਜ਼ਮਾਂ ਨੂੰ ਬਹੁਤ ਵੱਡੀਆਂ ਆਸਾਂ ਹਨ, ਸੋ ਸਿੱਖਿਆ ਵਿਭਾਗ ਜਲਦੀ ਹੀ ਮੁਲਾਜ਼ਮਾਂ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਹੱਲ ਕਰੇ। ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਜੰਥੇਬੰਦੀ ਦੀ ਸਕੱਤਰੇਤ ਚੰਡੀਗੜ੍ਹ ਵਿਖੇ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਨਾਲ ਵੀ ਮੀਟਿੰਗ ਹੋਈ ਸੀ ਅਤੇ ਅੱਜ ਡੀਪੀਆਈ ਨੇ ਸਾਨੂੰ ਦੁਬਾਰਾ ਫਿਰ ਮੀਟਿੰਗ ਲਈ ਬੁਲਾਇਆ ਸੀ। ਉਨ੍ਹਾਂ ਇਸ਼ਾਰਾ ਕਰਦੇ ਹੋਏ ਕਿਹਾ ਕਿ ਹੁਣ ਉਹ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੇ, ਮੀਟਿੰਗ ਦੌਰਾਨ ਰੱਖੀਆਂ ਮੰਗਾਂ ਨੂੰ ਵਿਭਾਗ  ਤੁਰੰਤ ਅਮਲ ਵਿੱਚ ਲੈ ਕੇ ਆਵੇ। ਇਸ ਦੌਰਾਨ ਜੰਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮੁਹਾਲੀ  ਸ਼ਿਵ ਕੁਮਾਰ ਰਾਣਾ, ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ਗੁਰਵਿੰਦਰ ਸਿੰਘ ਗੁਰਮ, ਜ਼ਿਲਾ ਪ੍ਰਧਾਨ ਪਟਿਆਲਾ ਮੇਜਰ ਸਿੰਘ, ਯਾਦਵਿੰਦਰ ਸਿੰਘ ਕਪੂਰਥਲਾ, ਅਮਰਜੀਤ ਸਿੰਘ ਸੈਣੀ ਰੋਪੜ, ਹਰਭਜਨ ਕੌਰ ਮੁਹਾਲੀ, ਬਲਜੀਤ ਸਿੰਘ ਨਾਗਰਾ ਖਰੜ, ਜਰਨੈਲ ਸਿੰਘ ਔਜਲਾ, ਅਮਿਤ ਕੁਮਾਰ ਮੁਹਾਲੀ ਆਦਿ ਆਗੂ ਹਾਜ਼ਰ ਸਨ।