Municipal Corporation spends Rs 5.5 crore for development of Mohali parks: Mayor Jiti Sidhu
ਮੇਅਰ ਜੀਤੀ ਸਿੱਧੂ ਨੇ ਕੀਤਾ ਰੋਜ਼ ਗਾਰਡਨ ਦਾ ਦੌਰਾ
- ਵੱਖ ਵੱਖ ਚੱਲਦੇ ਕਾਰਜਾਂ ਅਤੇ ਸਫਾਈ ਦੇ ਕੰਮ ਦਾ ਕੀਤਾ ਨਿਰੀਖਣ
- ਮੁਹਾਲੀ ਦੇ ਪਾਰਕਾਂ ਦੇ ਵਿਕਾਸ ਲਈ ਨਗਰ ਨਿਗਮ ਖਰਚ ਰਹੀ 5.5 ਕਰੋੜ ਰੁਪਏ : ਮੇਅਰ ਜੀਤੀ ਸਿੱਧੂ
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਮੁਹਾਲੀ ਦੇ ਫੇਜ਼ 3 ਬੀ1 ਵਿੱਚ ਰੋਜ਼ ਗਾਰਡਨ ਦਾ ਦੌਰਾ ਕੀਤਾ। ਮੁਹਾਲੀ ਵਿੱਚ ਪਾਰਕਾਂ ਦੀ ਮੇਨਟੀਨੈਂਸ ਦੇ ਨਵੇਂ ਠੇਕੇ ਹੋਣ ਉਪਰੰਤ ਪਹਿਲੀ ਵਾਰ ਮੇਅਰ ਜੀਤੀ ਸਿੱਧੂ ਰੋਜ਼ ਗਾਰਡਨ ਵਿੱਚ ਪੁੱਜੇ ਅਤੇ ਵੱਖ ਵੱਖ ਚੱਲਦੇ ਕੰਮਾਂ ਅਤੇ ਸਫ਼ਾਈ ਕਾਰਜਾਂ ਦਾ ਨਿਰੀਖਣ ਕੀਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਇਲਾਕੇ ਦੇ ਕੌਂਸਲਰ ਜਸਪ੍ਰੀਤ ਸਿੰਘ ਗਿੱਲ ਸਮੇਤ ਨਗਰ ਨਿਗਮ ਦੇ ਅਧਿਕਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪਾਰਕ ਦੇ ਅੰਦਰ ਚੱਲ ਰਹੇ ਵਾਸ਼ਰੂਮਾਂ ਦੇ ਕੰਮ ਦਾ ਵੀ ਨਿਰੀਖਣ ਕੀਤਾ ਅਤੇ ਇੱਥੇ ਚਲਦੀ ਲਾਇਬਰੇਰੀ ਦਾ ਦੌਰਾ ਕਰਕੇ ਉਥੇ ਹਾਜ਼ਰ ਲੋਕਾਂ ਨੂੰ ਵੀ ਮਿਲੇ ਅਤੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੋਹਾਲੀ ਮੋਹਾਲੀ ਦੇ ਪਾਰਕਾਂ ਦੇ ਰੱਖ ਰਖਾਓ ਲਈ 5.5 ਕਰੋੜ ਰੁਪਏ ਦੇ ਠੇਕੇ ਦਿੱਤੇ ਗਏ ਹਨ ਤਾਂ ਜੋ ਮੋਹਾਲੀ ਦੇ ਲੋਕਾਂ ਨੂੰ ਇਨ੍ਹਾਂ ਪਾਰਕਾਂ ਦੀ ਪੂਰੀ ਸੁਵਿਧਾ ਹਾਸਲ ਹੋ ਸਕੇ। ਉਨ੍ਹਾਂ ਕਿਹਾ ਕਿ ਉਹ ਮੁਹਾਲੀ ਦੇ ਤਮਾਮ ਵੱਡੇ ਪਾਰਕਾਂ ਦਾ ਦੌਰਾ ਕਰਕੇ ਇਲਾਕਾ ਵਾਸੀਆਂ ਤੋਂ ਇਨ੍ਹਾਂ ਪਾਰਕਾਂ ਵਿੱਚ ਹੋਰ ਬਿਹਤਰ ਸੁਵਿਧਾਵਾਂ ਲਈ ਵਿਚਾਰ ਵਟਾਂਦਰਾ ਕਰਨਗੇ ਤੇ ਲੋਕਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਉਨ੍ਹਾਂ ਨੇ ਹਾਜ਼ਰ ਅਧਿਕਾਰੀਆਂ ਨੂੰ ਵੀ ਹਦਾਇਤਾਂ ਦਿੱਤੀਆਂ ਕਿ ਪਾਰਕਾਂ ਵਿੱਚ ਸਮੇਂ ਸਮੇਂ ਸਿਰ ਹੋ ਰਹੇ ਵਿਕਾਸ ਕਾਰਜਾਂ ਦੀ ਨਜ਼ਰਸਾਨੀ ਕਰਦੇ ਰਹਿਣ ਅਤੇ ਕੁਆਲਿਟੀ ਵਿੱਚ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੋਹਾਲੀ ਦੇ ਲੋਕਾਂ ਨੇ ਕਾਂਗਰਸ ਪਾਰਟੀ ਉੱਤੇ ਪੂਰਨ ਵਿਸ਼ਵਾਸ ਪ੍ਰਗਟ ਕਰਕੇ ਉਨ੍ਹਾਂ ਨੂੰ ਮੋਹਾਲੀ ਦਾ ਮੇਅਰ ਬਣਾਇਆ ਹੈ ਅਤੇ ਉਹ ਮੁਹਾਲੀ ਦੇ ਚਹੁੰ ਪੱਖੀ ਵਿਕਾਸ ਲਈ ਵਚਨਬੱਧ ਹਨ।
ਇਸ ਮੌਕੇ ਇਲਾਕਾ ਕੌਂਸਲਰ ਜਸਪ੍ਰੀਤ ਸਿੰਘ ਗਿੱਲ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦਾ ਮੋਹਾਲੀ ਵਿਚ ਵਿਕਾਸ ਕਾਰਜ ਕਰਵਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।