ਮੁਹਾਲੀ ਦੇ ਮੇਅਰ ਜੀਤੀ ਸਿੱਧੂ ਨੇ ਸੈਕਟਰ 77 ਵਿਚ ਸੜਕਾਂ ਦੇ ਕੰਮ ਆਰੰਭ ਕਰਵਾਏ
ਪੌਣੇ ਤਿੰਨ ਕਰੋੜ ਦੀ ਲਾਗਤ ਨਾਲ ਬਦਲੀ ਜਾਵੇਗੀ ਸੜਕਾਂ ਦੀ ਨੁਹਾਰ: ਮੇਅਰ ਜੀਤੀ ਸਿੱਧੂ
ਮੋਹਾਲੀ :
ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਸੈਕਟਰ 77 ਵਿਚ 2.75 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਕੰਮ ਆਰੰਭ ਕਰਵਾਇਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੇ ਇਲਾਕੇ ਦੇ ਕੌਂਸਲਰ ਸੁੱਚਾ ਸਿੰਘ ਕਲੌਡ਼ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਵਿਕਾਸ ਪੱਖੋਂ ਸੈਕਟਰ 76-80 ਅਣਗੌਲਿਆ ਰਹਿ ਗਿਆ ਸੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਅਧੀਨ ਇਹ ਸੈਕਟਰਾਂ ਦੀਆਂ ਸੜਕਾਂ ਲੈਣ ਉਪਰੰਤ ਨਵੀਂ ਚੁਣੀ ਗਈ ਨਿਗਮ ਨੇ ਜੰਗੀ ਪੱਧਰ ਤੇ ਇਥੇ ਸੜਕਾਂ ਦੇ ਵਿਕਾਸ ਦੇ ਕਾਰਜ ਕਰਵਾਏ ਹਨ ਅਤੇ ਵੱਖ ਵੱਖ ਸੈਕਟਰਾਂ ਵਿੱਚ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਸੈਕਟਰ ਸਕੱਤਰ ਵਿਚ ਵਿਸ਼ੇਸ਼ ਤੌਰ ਤੇ ਅੰਦਰੂਨੀ ਅਤੇ ਬਾਹਰੀ ਸੜਕਾਂ ਲਈ ਪੌਣੇ ਤਿੰਨ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਇਸ ਮੌਕੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਕੁਆਲਿਟੀ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕੀਤਾ ਜਾਵੇ ਅਤੇ ਪੂਰੀ ਪਾਰਦਰਸ਼ਤਾ ਨਾਲ ਇਸ ਕੰਮ ਨੂੰ ਅੰਜਾਮ ਦਿੱਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਕੀਤੀਆਂ ਕਿ ਕੀਤੇ ਜਾ ਰਹੇ ਕੰਮ ਦੀ ਸਮੇਂ ਸਮੇਂ ਸਿਰ ਨਜ਼ਰਸਾਨੀ ਕੀਤੀ ਜਾਵੇ।
ਇਸ ਮੌਕੇ ਵਿਕਟਰ ਨਿਹੋਲਕਾ, ਜਰਨੈਲ ਸਿੰਘ ਜਨਰਲ ਸਕੱਤਰ, ਸੁਰਿੰਦਰ ਸਿੰਘ ਪ੍ਰਧਾਨ, ਨਰਿੰਦਰ ਸਿੰਘ, ਡਾ ਧਨਵੰਤ ਸਿੰਘ, ਨਰੋਤਮ, ਅਮਰਨਾਥ, ਦਿਆਲ ਚੰਦ ਪ੍ਰਧਾਨ, ਜਗਜੀਤ ਸਿੰਘ ਪ੍ਰਧਾਨ, ਮਾਸਟਰ ਨਾਇਬ ਸਿੰਘ ਬੈਰੋਂਪੁਰੀ ਸਮੇਤ ਹੋਰ ਇਲਾਕਾ ਵਾਸੀ ਹਾਜ਼ਰ ਸਨ।