Medical staff performing administrative services will have to see patients in the OPD for 3 hours
ਪ੍ਰਸ਼ਾਸਨਿਕ ਸੇਵਾਵਾਂ ਨਿਭਾ ਰਹੇ ਡਾਕਟਰੀ ਅਮਲੇ ਨੂੰ ਤਿੰਨ ਘੰਟੇ ਵੇਖਣੇ ਪੈਣਗੇ ਓਪੀਡੀ ਵਿੱਚ ਮਰੀਜ਼
ਪੰਜਾਬ ਵਿੱਚ ਡਾਕਟਰਾਂ ਦੀ ਕਮੀ ਨੂੰ ਵੇਖਦੇ ਹੋਏ ਲਿਆ ਸਰਕਾਰ ਨੇ ਫ਼ੈਸਲਾ
ਮੋਹਾਲੀ :
ਪੰਜਾਬ ਵਿੱਚ ਹੁਣ ਤਕ ਪ੍ਰਸ਼ਾਸਨਿਕ ਅਮਲੇ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਜ਼ਿਲ੍ਹਾ ਪੱਧਰੀ ਡਾਕਟਰੀ ਅਮਲੇ ਨੂੰ ਨਾਲ ਹੀ ਡਾਕਟਰੀ ਸੇਵਾਵਾਂ ਨਿਭਾਉਣ ਦੀਆਂ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ। ਸਹਾਇਕ ਸਿਵਲ ਸਰਜਨ ਸਮੇਤ ਜ਼ਿਲ੍ਹਾ ਟੀਕਾਕਰਨ ਅਫਸਰ, ਪਰਿਵਾਰ ਭਲਾਈ ਅਫਸਰ ਅਤੇ ਹੋਰਨਾਂ ਅਧਿਕਾਰੀਆਂ ਨੂੰ ਹੁਣ ਸਵੇਰੇ ਤਿੰਨ ਘੰਟੇ ਹਸਪਤਾਲਾਂ ਵਿੱਚ ਓਪੀਡੀ ਵਿੱਚ ਮਰੀਜ਼ਾਂ ਨੂੰ ਦੇਖਣਾ ਪਵੇਗਾ। ਇਸ ਸੰਬੰਧੀ ਇਕ ਪੱਤਰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ।
ਇਸ ਪੱਤਰ ਰਾਹੀਂ ਪੰਜਾਬ ਦੇ ਸਮੂਹ ਸਿਵਲ ਸਰਜਨ ਅਤੇ ਮੈਡੀਕਲ ਸੁਪਰਡੈਂਟਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਨੂੰ ਦੇਖਦੇ ਹੋਏ ਓ ਪੀ ਡੀ ਵਿਚ ਮਰੀਜ਼ਾਂ ਦਾ ਇਲਾਜ ਕਰਨ ਲਈ ਏ ਸੀ ਐੱਸ, ਡੀ ਐੱਮ ਸੀ , ਡੀਆਈਓ, ਡੀਐਫ ਪੀਓ, ਡੀਡੀਐੱਚਓ ਅਤੇ ਹੋਰ ਡਾਕਟਰੀ ਅਮਲੇ ਦੀ ਡਿਊਟੀ ਮਰੀਜ਼ਾਂ ਦੇ ਇਲਾਜ ਲਈ ਲਗਾਈ ਜਾਵੇ ।
ਪੱਤਰ ਅਨੁਸਾਰ ਪੰਜਾਬ ਵਿੱਚ ਡਾਕਟਰਾਂ ਦੀ ਕਮੀ ਹੋਣ ਕਾਰਨ ਮਰੀਜ਼ਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਵੇਰੇ 8.00 ਵਜੇ ਤੋਂ 11.00 ਵਜੇ (ਤਿੰਨ ਘੰਟੇ ) ਤੱਕ ਉਪਰੋਕਤ ਜ਼ਿਲ੍ਹਾ ਸਿਹਤ ਅਧਿਕਾਰੀ ਆਪੋ ਆਪਣੇ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਓਪੀਡੀ ਵਿੱਚ ਮਰੀਜ਼ਾਂ ਨੂੰ ਵੇਖਣਗੇ।
ਇਸ ਸੰਬੰਧੀ ਸਿਵਲ ਸਰਜਨਾਂ ਅਤੇ ਮੈਡੀਕਲ ਸੁਪਰਡੈਂਟਾਂ ਨੂੰ ਇਨ੍ਹਾਂ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਕੇ ਇਸ ਸੰਬੰਧੀ ਮਹਿਕਮੇ ਨੂੰ ਸੂਚਿਤ ਕਰਨ ਲਈ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਲਈ ਵੀ ਪੱਤਰ ਵਿੱਚ ਕਿਹਾ ਗਿਆ ਹੈ।