February 5, 2025
#ਦੇਸ਼ ਦੁਨੀਆਂ

ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (24 ਮਈ 2022)

ਆਸਾ ਮਹਲਾ ੫ ॥ ਸਲੋਕ ॥

ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ ॥ ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ ॥੧॥ ਛੰਤੁ ॥ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥ ਭੇਟਤ ਸਾਧੂ ਸੰਗ ਜਮ ਪੁਰਿ ਨਹ ਜਾਈਐ ॥

ਦੂਖ ਦਰਦ ਨ ਭਉ ਬਿਆਪੈ ਨਾਮੁ ਸਿਮਰਤ ਸਦ ਸੁਖੀ ॥ਸਾਸਿ ਸਾਸਿ ਅਰਾਧਿ ਹਰਿ ਹਰਿ ਧਿਆਇ ਸੋ ਪ੍ਰਭੁ ਮਨਿ ਮੁਖੀ ॥ਕ੍ਰਿਪਾਲ ਦਇਆਲ ਰਸਾਲ ਗੁਣ ਨਿਧਿ ਕਰਿ ਦਇਆ ਸੇਵਾ ਲਾਈਐ ਨਾਨਕੁ ਪਇਅੰਪੈ ਚਰਣ ਜੰਪੈ ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥੧॥

ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ॥ਭਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ ॥ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲਿ ਥਲਿ ਮਹੀਅਲਿ ਪੂਰਿਆ ॥ਇਕ ਨਿਮਖ ਜਾ ਕੈ ਰਿਦੈ ਵਸਿਆ ਮਿਟੇ ਤਿਸਹਿ ਵਿਸੂਰਿਆ ॥

ਅਗਾਧਿ ਬੋਧ ਸਮਰਥ ਸੁਆਮੀ ਸਰਬ ਕਾ ਭਉ ਭੰਜਨਾ ॥ਨਾਨਕੁ ਪਇਅੰਪੈ ਚਰਣ ਜੰਪੈ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ॥੨॥ਓਟ ਗਹੀ ਗੋਪਾਲ ਦਇਆਲ ਕ੍ਰਿਪਾ ਨਿਧੇ ॥ਮੋਹਿ ਆਸਰ ਤੁਅ ਚਰਨ ਤੁਮਾਰੀ ਸਰਨਿ ਸਿਧੇ ॥ਹਰਿ ਚਰਨ ਕਾਰਨ ਕਰਨ ਸੁਆਮੀ ਪਤਿਤ ਉਧਰਨ ਹਰਿ ਹਰੇ ॥

ਸਾਗਰ ਸੰਸਾਰ ਭਵ ਉਤਾਰ ਨਾਮੁ ਸਿਮਰਤ ਬਹੁ ਤਰੇ ॥ਆਦਿ ਅੰਤਿ ਬੇਅੰਤ ਖੋਜਹਿ ਸੁਨੀ ਉਧਰਨ ਸੰਤਸੰਗ ਬਿਧੇ ॥ਨਾਨਕੁ ਪਇਅੰਪੈ ਚਰਨ ਜੰਪੈ ਓਟ ਗਹੀ ਗੋਪਾਲ ਦਇਆਲ ਕ੍ਰਿਪਾ ਨਿਧੇ ॥੩॥ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥

ਜਹ ਜਹ ਸੰਤ ਅਰਾਧਹਿ ਤਹ ਤਹ ਪ੍ਰਗਟਾਇਆ ॥ਪ੍ਰਭਿ ਆਪਿ ਲੀਏ ਸਮਾਇ ਸਹਜਿ ਸੁਭਾਇ ਭਗਤ ਕਾਰਜ ਸਾਰਿਆ ॥ਆਨੰਦ ਹਰਿ ਜਸ ਮਹਾ ਮੰਗਲ ਸਰਬ ਦੂਖ ਵਿਸਾਰਿਆ ॥ਚਮਤਕਾਰ ਪ੍ਰਗਾਸੁ ਦਹ ਦਿਸ ਏਕੁ ਤਹ ਦ੍ਰਿਸਟਾਇਆ ॥ਨਾਨਕੁ ਪਇਅੰਪੈ ਚਰਣ ਜੰਪੈ ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥੪॥੩॥੬॥

ਪੰਜਾਬੀ ਵਿਆਖਿਆ

ਮੰਗਲਵਾਰ, 11 ਜੇਠ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੪੫੬)

ਹੇ ਨਾਨਕ! (ਆਖ—) ਹੇ ਵੱਡੇ ਭਾਗਾਂ ਵਾਲਿਓ! ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਸੁਖ ਮਿਲ ਜਾਂਦੇ ਹਨ, ਤੇ ਹਰੇਕ ਕਿਸਮ ਦਾ ਦੁੱਖ ਦਰਦ ਭਟਕਣਾ ਦੂਰ ਹੋ ਜਾਂਦਾ ਹੈ, ਉਸ ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰਦੇ ਰਹੋ (ਉਸ ਦੇ ਸਿਮਰਨ ਦਾ ਸਦਾ) ਉੱਦਮ ਕਰਦੇ ਰਹੋ ।੧। ਛੰਤ ।

ਹੇ ਵਡਭਾਗੀਹੋ! ਗੋਬਿੰਦ ਦਾ ਨਾਮ ਜਪਦਿਆਂ (ਕਦੇ) ਆਲਸ ਨਹੀਂ ਕਰਨਾ ਚਾਹੀਦਾ, ਗੁਰੂ ਦੀ ਸੰਗਤਿ ਵਿਚ ਮਿਲਿਆਂ (ਤੇ ਹਰਿ-ਨਾਮ ਜਪਿਆਂ) ਜਮ ਦੀ ਪੁਰੀ ਵਿਚ ਨਹੀਂ ਜਾਣਾ ਪੈਂਦਾ । ਪਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਦੁੱਖ ਕੋਈ ਦਰਦ ਕੋਈ ਡਰ ਆਪਣਾ ਜੋਰ ਨਹੀਂ ਪਾ ਸਕਦਾ, ਸਦਾ ਸੁਖੀ ਰਹੀਦਾ ਹੈ । ਹੇ ਭਾਈ! ਹਰੇਕ ਸਾਹ ਦੇ ਨਾਲ ਪਰਮਾਤਮਾ ਦੀ ਅਰਾਧਨਾ ਕਰਦਾ ਰਹੁ, ਉਸ ਪ੍ਰਭੂ ਨੂੰ ਆਪਣੇ ਮਨ ਵਿਚ ਸਿਮਰ, ਆਪਣੇ ਮੂੰਹ ਨਾਲ (ਉਸ ਦਾ ਨਾਮ) ਉਚਾਰ।

ਹੇ ਕਿਰਪਾ ਦੇ ਸੋਮੇ! ਹੇ ਦਇਆ ਦੇ ਘਰ! ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਮੇਰੇ ਉਤੇ) ਦਇਆ ਕਰ (ਮੈਨੂੰ ਨਾਨਕ ਨੂੰ ਆਪਣੀ) ਸੇਵਾ-ਭਗਤੀ ਵਿਚ ਜੋੜ । ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ, ਤੇਰੇ ਚਰਨਾਂ ਦਾ ਧਿਆਨ ਧਰਦਾ ਹੈ । ਹੇ ਭਾਈ! ਗੋਬਿੰਦ ਦਾ ਨਾਮ ਜਪਦਿਆਂ ਕਦੇ ਆਲਸ ਨਹੀਂ ਕਰਨਾ ਚਾਹੀਦਾ ।੧। ਹੇ ਭਾਈ! ਨਿਰਲੇਪ ਪਰਮਾਤਮਾ ਦਾ ਨਾਮ ਪਵਿਤ੍ਰ ਹੈ, ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਪਵਿੱਤਰ ਕਰਨ ਵਾਲਾ ਹੈ ।

ਹੇ ਭਾਈ! ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ (ਇਕ ਐਸਾ) ਸੁਰਮਾ ਹੈ (ਜੋ ਮਨ ਦੀ) ਭਟਕਣਾ ਦੇ ਹਨੇਰੇ ਦਾ ਨਾਸ ਕਰ ਦੇਂਦਾ ਹੈ । ਗੁਰੂ ਦੇ ਦਿੱਤੇ ਗਿਆਨ ਦਾ ਸੁਰਮਾ (ਇਹ ਸਮਝ ਪੈਦਾ ਕਰ ਦੇਂਦਾ ਹੈ ਕਿ) ਪਰਮਾਤਮਾ ਨਿਰਲੇਪ (ਹੁੰਦਿਆਂ ਭੀ) ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਵਿਆਪਕ ਹੈ, ਜਿਸ ਦੇ ਹਿਰਦੇ ਵਿਚ ਉਹ ਪ੍ਰਭੂ ਅੱਖ ਦੇ ਫਰਕਣ ਜਿੰਨੇ ਸਮੇਂ ਲਈ ਭੀ ਵੱਸਦਾ ਹੈ ਉਸ ਦੇ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ ।

ਹੇ ਭਾਈ! ਪਰਮਾਤਮਾ ਅਥਾਹ ਗਿਆਨ ਦਾ ਮਾਲਕ ਹੈ, ਸਭ ਕੁਝ ਕਰਨ ਜੋਗਾ ਹੈ, ਸਭ ਦਾ ਮਾਲਕ ਹੈ, ਸਭ ਦਾ ਡਰ ਨਾਸ ਕਰਨ ਵਾਲਾ ਹੈ । ਨਾਨਕ ਬੇਨਤੀ ਕਰਦਾ ਹੈ ਉਸ ਦੇ ਚਰਨਾਂ ਦਾ ਧਿਆਨ ਧਰਦਾ ਹੈ (ਤੇ ਆਖਦਾ ਹੈ ਕਿ) ਨਿਰਲੇਪ ਪਰਮਾਤਮਾ ਦਾ ਨਾਮ ਪਵਿਤ੍ਰ ਹੈ, ਵਿਕਾਰਾਂ ਵਿੱਚ ਡੁੱਬੇ ਜੀਵਾਂ ਨੂੰ ਪਵਿਤ੍ਰ ਕਰਨ ਵਾਲਾ ਹੈ ।੨। ਹੇ ਸ੍ਰਿਸ਼ਟੀ ਦੇ ਪਾਲਣਹਾਰ!

ਹੇ ਦਇਆ ਦੇ ਸੋਮੇ! ਹੇ ਕਿਰਪਾ ਦੇ ਖ਼ਜ਼ਾਨੇ! ਮੈਂ ਤੇਰੀ ਓਟ ਲਈ ਹੈ । ਮੈਨੂੰ ਤੇਰੇ ਹੀ ਚਰਨਾਂ ਦਾ ਸਹਾਰਾ ਹੈ । ਤੇਰੀ ਸਰਨ ਵਿਚ ਹੀ ਰਹਿਣਾ ਮੇਰੇ ਜੀਵਨ ਦੀ ਕਾਮਯਾਬੀ ਹੈ । ਹੇ ਹਰੀ! ਹੇ ਸੁਆਮੀ! ਹੇ ਜਗਤ ਦੇ ਮੂਲ! ਤੇਰੇ ਚਰਨਾਂ ਦਾ ਆਸਰਾ ਵਿਕਾਰਾਂ ਵਿਚ ਡਿੱਗੇ ਹੋਏ ਬੰਦਿਆਂ ਨੂੰ ਬਚਾਣ-ਜੋਗਾ ਹੈ, ਸੰਸਾਰ-ਸਮੁੰਦਰ ਦੇ ਜਨਮ-ਮਰਨ ਦੇ ਘੁੰਮਣ-ਘੇਰ ਵਿਚੋਂ ਪਾਰ ਲੰਘਾਣ ਜੋਗਾ ਹੈ । ਤੇਰਾ ਨਾਮ ਸਿਮਰ ਕੇ ਅਨੇਕਾਂ ਬੰਦੇ (ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘ ਰਹੇ ਹਨ ।

ਹੇ ਪ੍ਰਭੂ! ਜਗਤ-ਰਚਨਾ ਦੇ ਆਰੰਭ ਵਿਚ ਭੀ ਤੂੰ ਹੀ ਹੈਂ, ਅੰਤ ਵਿਚ ਭੀ ਤੂੰ ਹੀ (ਅਸਥਿਰ) ਹੈਂ । ਬੇਅੰਤ ਜੀਵ ਤੇਰੀ ਭਾਲ ਕਰ ਰਹੇ ਹਨ । ਤੇਰੇ ਸੰਤ ਜਨਾਂ ਦੀ ਸੰਗਤਿ ਹੀ ਇਕ ਐਸਾ ਤਰੀਕਾ ਹੈ ਜਿਸ ਨਾਲ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ ਬਚ ਸਕੀਦਾ ਹੈ । ਨਾਨਕ ਤੇਰੇ ਦਰ ਤੇ ਬੇਨਤੀ ਕਰਦਾ ਹੈ, ਤੇਰੇ ਚਰਨਾਂ ਦਾ ਧਿਆਨ ਧਰਦਾ ਹੈ । ਹੇ ਗੋਪਾਲ! ਹੇ ਦਇਆਲ! ਹੇ ਕ੍ਰਿਪਾ ਦੇ ਖ਼ਜ਼ਾਨੇ! ਮੈਂ ਤੇਰਾ ਪੱਲਾ ਫੜਿਆ ਹੈ ।੩। ਹੇ ਭਾਈ!

ਪਰਮਾਤਮਾ ਆਪਣੀ ਭਗਤੀ (ਦੇ ਕਾਰਨ ਆਪਣੇ ਭਗਤਾਂ) ਨਾਲ ਪਿਆਰ ਕਰਨ ਵਾਲਾ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਸ ਨੇ ਆਪ ਹੀ ਬਣਾਇਆ ਹੋਇਆ ਹੈ, (ਸੋ,) ਜਿੱਥੇ ਜਿੱਥੇ (ਉਸ ਦੇ) ਸੰਤ (ਉਸ ਦਾ) ਆਰਾਧਨ ਕਰਦੇ ਹਨ ਉੱਥੇ ਉੱਥੇ ਉਹ ਜਾ ਦਰਸ਼ਨ ਦੇਂਦਾ ਹੈ । ਹੇ ਭਾਈ! ਪਰਮਾਤਮਾ ਨੇ ਆਪ ਹੀ (ਆਪਣੇ ਭਗਤ ਆਪਣੇ ਚਰਨਾਂ ਵਿਚ) ਲੀਨ ਕੀਤੇ ਹੋਏ ਹਨ, ਆਤਮਕ ਅਡੋਲਤਾ ਵਿਚ ਤੇ ਪ੍ਰੇਮ ਵਿਚ ਟਿਕਾਏ ਹੋਏ ਹਨ, ਆਪਣੇ ਭਗਤਾਂ ਦੇ ਸਾਰੇ ਕੰਮ ਪ੍ਰਭੂ ਆਪ ਹੀ ਸਵਾਰਦਾ ਹੈ ।

ਭਗਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਹਰਿ-ਮਿਲਾਪ ਦੀ ਖ਼ੁਸ਼ੀ ਦੇ ਗੀਤ ਗਾਂਦੇ ਹਨ, ਆਤਮਕ ਆਨੰਦ ਮਾਣਦੇ ਹਨ, ਤੇ ਆਪਣੇ ਸਾਰੇ ਦੁੱਖ ਭੁਲਾ ਲੈਂਦੇ ਹਨ । ਹੇ ਭਾਈ! ਜਿਸ ਪਰਮਾਤਮਾ ਦੇ ਨੂਰ ਦੀ ਝਲਕ ਜੋਤਿ ਦਾ ਚਾਨਣ ਦਸੀਂ ਪਾਸੀਂ (ਸਾਰੇ ਹੀ ਸੰਸਾਰ ਵਿਚ) ਹੋ ਰਿਹਾ ਹੈ ਉਹੀ ਪਰਮਾਤਮਾ ਭਗਤ ਜਨਾਂ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ ।

ਨਾਨਕ ਬੇਨਤੀ ਕਰਦਾ ਹੈ, ਪ੍ਰਭੂ-ਚਰਨਾਂ ਦਾ ਧਿਆਨ ਧਰਦਾ ਹੈ, (ਤੇ ਆਖਦਾ ਹੈ ਕਿ) ਪਰਮਾਤਮਾ ਆਪਣੀ ਭਗਤੀ (ਦੇ ਕਾਰਨ ਆਪਣੇ ਭਗਤਾਂ) ਨਾਲ ਪਿਆਰ ਕਰਨ ਵਾਲਾ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਸ ਨੇ ਆਪ ਹੀ ਬਣਾਇਆ ਹੋਇਆ ਹੈ ।੪।੩।੬।