Actor Dilip Kumar’s House in Peshawar in bad condition
ਪਿਸ਼ਾਵਰ ’ਚ ਭਾਰਤੀ ਮਸ਼ਹੂਰ ਅਦਾਕਾਰ ਦਲੀਪ ਕੁਮਾਰ ਦਾ ਜੱਦੀ ਘਰ ਢਹਿ-ਢੇਰੀ ਹੋਣ ਦੀ ਕਗਾਰ ’ਤੇ
ਪਿਸ਼ਾਵਰ : ਮਰਹੂਮ ਮਸ਼ਹੂਰ ਅਦਾਕਾਰ ਦਲੀਪ ਕੁਮਾਰ ਦਾ ਜੱਦੀ ਘਰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਕੌਮੀ ਵਿਰਾਸਤੀ ਸਥਾਨ ਵਜੋਂ ਰਾਖਵਾਂ ਹੈ। ਹਾਲ ਹੀ ਵਿਚ ਹੋਈ ਬਾਰਿਸ਼ ਵਿਚ ਤੋਂ ਬਾਅਦ ਇਹ ਘਰ ਬੁਰੀ ਤਰ੍ਹਾਂ ਨੁਕਸਾਨੇ ਜਾਣ ਤੋਂ ਬਾਅਦ ਡਿੱਗਣ ਦੀ ਕਗਾਰ ’ਤੇ ਹੈ।
ਪਿਸ਼ਾਵਰ ਸ਼ਹਿਰ ਦੇ ਇਤਿਹਾਸਕ ਕਿਸਾ ਖਵਾਨੀ ਬਾਜ਼ਾਰ ਦੇ ਪਿੱਛੇ ਮੁਹੱਲਾ ਖੁਦਾਦਾਦ ’ਚ ਸਥਿਤ ਇਕ ਘਰ ਵਿਚ 1922 ’ਚ ਪੈਦਾ ਹੋਏ ਦਲੀਪ ਕੁਮਾਰ ਨੇ 1932 ਵਿਚ ਭਾਰਤ ਆਉਣ ਤੋਂ ਪਹਿਲਾਂ ਆਪਣੇ ਪਹਿਲੇ 12 ਸਾਲ ਉੱਥੇ ਬਿਤਾਏ। ਉਸ ਸਮੇਂ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੁਆਰਾ 13 ਜੁਲਾਈ 2014 ਨੂੰ ਇਸ ਘਰ ਨੂੰ ਪਾਕਿਸਤਾਨ ਦਾ ਰਾਸ਼ਟਰੀ ਵਿਰਾਸਤੀ ਸਮਾਰਕ ਐਲਾਨਿਆ ਗਿਆ ਸੀ। ਕਿਹਾ ਜਾਂਦਾ ਹੈ ਕਿ ਸਿਨੇਕਾਰ ਦਲੀਪ ਕੁਮਾਰ ਨੇ ਇਕ ਵਾਰ ਉਨ੍ਹਾਂ ਦੇ ਘਰ ਆ ਕੇ ਮਿੱਟੀ ਨੂੰ ਪਿਆਰ ਨਾਲ ਚੁੰਮਿਆ
ਸੀ।
ਪਿਸ਼ਾਵਰ ਵਿਚ ਹਾਲ ਹੀ ਵਿਚ ਹੋਈ ਬਾਰਿਸ਼ ਕਾਰਨ ਦਲੀਪ ਕੁਮਾਰ ਦੇ ਘਰ ਨੂੰ ਕਾਫੀ ਨੁਕਸਾਨ ਹੋਇਆ ਹੈ। ਪਿਛਲੀ ਕੇ. ਪੀ. ਕੇ. ਸਰਕਾਰ ਵੱਲੋਂ ਗਰਾਂਟਾਂ ਦੇ ਕਈ ਵਾਅਦਿਆਂ ਦੇ ਬਾਵਜੂਦ ਇਸ ਕੌਮੀ ਵਿਰਾਸਤ ਦੀ ਸਾਂਭ ਸੰਭਾਲ ’ਤੇ ਇਕ ਪੈਸਾ ਵੀ ਖਰਚ ਨਹੀਂ ਕੀਤਾ ਗਿਆ। ਇਹ ਘਰ ਸਾਲ 1880 ’ਚ ਬਣਾਇਆ ਗਿਆ ਸੀ। ਜਾਇਦਾਦ ਦੀ ਉਮਰ ਨੂੰ ਦੇਖਦੇ ਹੋਏ ਇਸ ਦੀ ਸਾਂਭ ਸੰਭਾਲ ਸਰਕਾਰ ਦੀ ਜ਼ਿੰਮੇਵਾਰੀ ਹੈ। ਸਥਾਨਕ ਸਮਾਜਿਕ-ਸਿਆਸੀ ਹਲਕਿਆਂ ਨੇ ਰਾਸ਼ਟਰੀ ਸੰਪਤੀਆਂ ਦੀ ਬਰਬਾਦੀ ਨੂੰ ਰੋਕਣ ਪ੍ਰਤੀ ਪੁਰਾਤਨ ਵਿਭਾਗ ਦੇ ਰਵੱਈਏ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।
ਇਸ ਇਤਿਹਾਸਕ ਜਾਇਦਾਦ ਦੀ ਖਸਤਾ ਹਾਲਤ ਦੇਖ ਕੇ ਦੁਨੀਆ ਭਰ ਦੇ ਸੈਲਾਨੀ ਨਿਰਾਸ਼ ਹਨ। ਮੁਹੰਮਦ ਅਲੀ ਮੀਰ, ਜੋ ਕਿ ਪੁਰਾਤੱਤਵ ਵਿਭਾਗ ਦੁਆਰਾ ਇਸ ਨੂੰ ਸੰਭਾਲਣ ਤੋਂ ਪਹਿਲਾਂ ਘਰ ਦੀ ਦੇਖਭਾਲ ਕਰ ਰਹੇ ਸਨ, ਨੇ ਕਿਹਾ ਕਿ ਉਹ ਇਸ ਦੀ ਦੇਖਭਾਲ ਬਹੁਤ ਧਿਆਨ ਨਾਲ ਕਰ ਰਹੇ ਹਨ ਪਰ ਜਦੋਂ ਤੋਂ ਸਰਕਾਰ ਨੇ ਇਸ ਨੂੰ ਰਾਸ਼ਟਰੀ ਵਿਰਾਸਤ ਐਲਾਨਿਆ ਹੈ, ਉਦੋਂ ਤੋਂ ਇਸ ਇਮਾਰਤ ਦੀ ਸਾਂਭ-ਸੰਭਾਲ ’ਤੇ ਇਕ ਪੈਸਾ ਵੀ ਖਰਚ ਨਹੀਂ ਕੀਤਾ ਗਿਆ।