ਕੇਜਰੀਵਾਲ ਵੱਲੋਂ ਦੋ ਹਸਪਤਾਲਾਂ ’ਚ ਛਾਪੇ
ਨਵੀਂ ਦਿੱਲੀ, 3 ਅਕਤੂਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਦੇ ਦੋ ਵੱਡੇ ਸਰਕਾਰੀ ਹਸਪਤਾਲਾਂ ਦਾ ਦੌਰਾ ਕੀਤਾ ਤੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਹਸਪਤਾਲਾਂ ਵਿੱਚ ਮਿਲਦੀਆਂ ਸਹੂਲਤਾਂ ਤੇ ਦਵਾਈਆਂ ਬਾਰੇ ਜਾਣਕਾਰੀ ਹਾਸਲ ਕੀਤੀ। ਮੁੱਖ ਮੰਤਰੀ ਅੱਜ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਤੇ ਜੀਬੀ ਪੰਤ ਹਸਪਤਾਲ ਪੁੱਜੇ ਤੇ ਕਤਾਰਾਂ ਵਿੱਚ ਖੜ੍ਹੇ ਲੋਕਾਂ ਤੋਂ ਦਵਾਈਆਂ ਮਿਲਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਤਾਰਾਂ ਵਿੱਚ ਖੜ੍ਹੇ-ਖੜ੍ਹੇ ਕਾਫੀ ਸਮਾਂ ਲੱਗਣ ਬਾਰੇ ਦੱਸਿਆ ਗਿਆ। ਸ੍ਰੀ ਕੇਜਰੀਵਾਲ ਵੱਲੋਂ ਇਨ੍ਹਾਂ ਦੋਵਾਂ ਹਸਪਤਾਲਾਂ ’ਚ ਜਾ ਕੇ ਜਾਣਕਾਰੀ ਲਈ ਹਸਪਤਾਲਾਂ ’ਚ ਮਿਲਣ ਵਾਲੀਆਂ ਦਵਾਈਆਂ ਦੇ ਭੰਡਾਰ ਨਾਲ ਜੁੜੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਖ਼ੁਦ ਹਾਸਲ ਕੀਤੀ। ਮਰੀਜ਼ਾਂ ਜਾਂ ਉਨ੍ਹਾਂ ਦੇ ਤਿਮਾਰਦਾਰਾਂ ਨੂੰ ਦਵਾਈਆਂ ਲੈਣ ਵਾਲੀਆਂ ਕਤਾਰਾਂ ਤੇ ਮਰੀਜ਼ਾਂ ਦੀ ਰਜਿਸਟਰੇਸ਼ਨ ਲਈ ਲੱਗਦੇ ਵਧ ਸਮੇਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਵੱਲੋਂ ਦਿੱਲੀ ਦੇ ਉਪ ਰਾਜਪਾਲ ਕੋਲ ਹੋਰ ਫਾਰਮਸਿਸਟ ਠੇਕੇ ’ਤੇ ਭਰਤੀ ਕਰਨ ਦੀ ਅਪੀਲ ਕੀਤੀ ਜਾਵੇਗੀ। ਮੁੱਖ ਮੰਤਰੀ ਦੇ ਅਚਾਨਕ ਹੀ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨਾਲ ਹਸਪਤਾਲਾਂ ਵਿੱਚ ਪੁੱਜਣ ’ਤੇ ਅਮਲੇ ’ਚ ਭਾਜੜ ਮੱਚ ਗਈ। ਜੀਬੀ ਪੰਤ ਹਸਪਤਾਲ ਵਿੱਚ ਦਵਾਈਆਂ ਦੇ ਰਿਕਾਰਡ ਦੀ ਜਾਂਚ ਸਮੇਂ ਕੁਝ ਦਵਾਈਆਂ ਦੀ ਕਮੀ ਬਾਰੇ ਪਤਾ ਲੱਗਣ ‘ਤੇ ਮੁੱਖ ਮੰਤਰੀ ਨੇ ਜੀਬੀ ਪੰਤ ਹਸਪਤਾਲ ਦੇ ਨਿਰਦੇਸ਼ਕ ਨੂੰ ਦਿੱਲੀ ਸਕੱਤਰੇਤ ਸਥਿਤ ਆਪਣੇ ਦਫ਼ਤਰ ਤਲਬ ਕੀਤਾ ਹੈ। ਲੋਕ ਨਾਇਕ ਹਸਪਤਾਲ ਵਿੱਚ ਉਨ੍ਹਾਂ ਨੂੰ ਮਰੀਜ਼ਾਂ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਦੱਸੀਆਂ ਜਾਂ ਲਿਖੀਆਂ ਦਵਾਈਆਂ ਉਨ੍ਹਾਂ ਨੂੰ ਮੁਫ਼ਤ ਵਿੱਚ ਤੇ ਸਹੀ ਮਾਤਰਾ ਵਿੱਚ ਮਿਲ ਰਹੀਆਂ ਹਨ। ਉਨ੍ਹਾਂ ਦੋਵਾਂ ਹਸਪਤਾਲਾਂ ਦੇ ਮੁਖੀਆਂ ਨੂੰ ਇਹ ਸੁਨਿਸ਼ਚਿਤ ਕਰਨ ਦੇ ਹੁਕਮ ਦਿੱਤੇ ਕਿ ਜਿਵੇਂ ਵੀ ਸੰਭਵ ਹੋਵੇ ਦਵਾਈ ਵਾਲੀਆਂ ਖਿੜਕੀਆਂ ’ਤੇ ਵੱਧ ਸਮੇਂ ਤੱਕ ਮਰੀਜ਼ਾਂ ਨੂੰ ਇੰਤਜ਼ਾਰ ਨਾ ਕਰਨਾ ਪਵੇ ਤੇ ਦਵਾਈ ਪ੍ਰਾਪਤੀ ਦਾ ਸਮਾਂ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਬਿਹਤਰ ਤਰੀਕੇ ਨਾਲ ਸਹੂਲਤਾਂ ਮੁਹੱਈਆ ਕਰਵਾਉਣ ਲਈ ਫਾਰਮਸਿਸਟ ਠੇਕੇ ’ਤੇ ਭਰਤੀ ਕਰਨ ਲਈ ਉਪ-ਰਾਜਪਾਲ ਨੂੰ ਅਪੀਲ ਕਰਨਗੇ। ਦਿੱਲੀ ਸਰਕਾਰ ਦੇ ਅਧੀਨ ਹਸਪਤਾਲਾਂ ਵਿੱਚ ਵਧੀਆ ਸਿਹਤ ਸਹੂਲਤਾਂ ਦੇਣ ਲਈ ਦਿੱਲੀ ਸਰਕਾਰ ਵੱਲੋਂ ਬਜਟ ’ਚ ਵਾਧਾ ਕਰਨ ਸਣੇ ਸਹੂਲਤਾਂ ਵਧਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ।