February 12, 2025
#ਪੰਜਾਬ #ਪ੍ਰਮੁੱਖ ਖ਼ਬਰਾਂ

ਕਾਂਗਰਸ ਸਰਕਾਰ ਆਪਣੀਆਂ ਆਰਥਿਕ ਕਮਜੋਰੀਆਂ ਅਤੇ ਦੀਵਾਲੀਆਪਣ ਨੂੰ ਲੁਕਾਉਣ ਲਈ ਆਪਣੇ ਹੀ ਲੋਕਾਂ ਨਾਲ ਧੋਖਾ ਕਮਾ ਰਹੀ ਹੈ :- ਖਹਿਰਾ

ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਬਿਜਲੀ ਦੇ ਟੈਰਿਫ ਰੇਟਾਂ ਵਿੱਚ ਭਾਰੀ ਵਾਧਾ ਕਰਕੇ, ਮਾਰਕੀਟ ਕਮੇਟੀ ਅਤੇ ਰੂਰਲ ਡਿਵਲੈਪਮੈਂਟ ਫੀਸ ਵਧਾ ਕੇ, ਮਨੋਰੰਜਨ ਅਤੇ ਪ੍ਰੋਫੈਸ਼ਨਲਾਂ ਨੂੰ ਚੋਰ ਦਰਵਾਜੇ ਰਾਹੀ ਟੈਕਸ ਲਗਾ ਕੇ, ਛੋਟੀ ਸੋਚ ਦਾ ਮੁਜਾਹਰਾ ਕਰਦੇ ਹੋਏ ਪੈਸੇ ਬਚਾਉਣ ਲਈ ਸਰਕਾਰੀ ਪ੍ਰਾਈਮਰੀ ਸਕੂਲ਼ਾਂ ਨੂੰ ਬੰਦ ਕਰਨ ਦਾ ਫੈਸਲਾ ਕਰਕੇ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਜੰਮ ਕੇ ਨਿਖੇਧੀ ਕੀਤੀ|
ਸ. ਖਹਿਰਾ ਨੇ ਕਿਹਾ ਕਿ ਮੋਜੂਦਾ ਸਰਕਾਰ ਜੋ ਕਿ ਸਿਰਫ ਸੱਤ ਮਹੀਨੇ ਪਹਿਲਾਂ ਵੱਡੇ ਚੋਣ ਵਾਅਦਿਆਂ ਕਾਰਨ ਸੱਤਾ ਵਿੱਚ ਆਈ ਸੀ, ਹੁਣ ਅਨੇਕ ਪ੍ਰਕਾਰ ਦੇ ਭਾਰੀ ਟੈਕਸ ਲਗਾ ਕੇ ਆਪਣੇ ਹੀ ਲੋਕਾਂ ਨੂੰ ਸਬਕ ਸਿਖਾਉਣ ਦਾ ਤਾਨਾਸ਼ਾਹੀ ਰਾਸਤਾ ਅਖਤਿਆਰ ਕਰ ਚੁੱਕੀ ਹੈ|
ਵਿਸਥਾਰਪੂਰਵਕ ਢੰਗ ਨਾਲ ਦੱਸਦੇ ਹੋਏ ਸ. ਖਹਿਰਾ ਨੇ ਹਾਲ ਹੀ ਵਿੱਚ ਬਿਜਲੀ ਟੈਰਿਫ ਨੂੰ 9-12 ਫੀਸਦੀ ਵਧਾਉਣ ਵਾਲੀ ਕੈਪਟਨ ਸਰਕਾਰ ਨੂੰ ਆੜੇ ਹੱਥੀ ਲਿਆ| ਸ. ਖਹਿਰਾ ਨੇ ਕਿਹਾ ਕਿ ਇੰਡਸਟਰੀ ਨੂੰ 5 ਰੁਪਏ ਫੀ ਯੂਨਿਟ ਦੇ ਕੇ ਰਾਹਤ ਦੇਣ ਵਾਲੇ ਆਪਣੇ ਵਾਅਦੇ ਨੂੰ ਪੂਰਾ ਕਰਨ ਦੀ ਬਜਾਏ ਸਰਕਾਰ ਨੇ ਹੁਣ ਸਾਰੇ ਘਰੇਲੂ, ਵਪਾਰਿਕ ਅਤੇ ਇੰਡਸਟਰੀ ਸੈਕਟਰਾਂ ਉੱਪਰ ਹੋਰ ਭਾਰੀ ਬੋਝ ਪਾ ਦਿੱਤਾ ਹੈ| ਖਹਿਰਾ ਨੇ ਕਿਹਾ ਕਿ ਇਹ ਵਾਧਾ ਉਸ ਸਮੇਂ ਕੀਤਾ ਗਿਆ ਹੈ ਜਦ ਲੋਕ ਵੱਧ ਰਹੀ ਮਹਿੰਗਾਈ, ਘੱਟ ਵਿਕਾਸ ਦਰ ਅਤੇ ਬੇਰੋਜਗਾਰੀ ਦਾ ਸਾਹਮਣਾ ਕਰ ਰਹੇ ਹਨ| ਖਹਿਰਾ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਹੈ ਕਿ ਟੈਰਿਫ ਨੂੰ ਵਧਾਉਣ ਲਗੇ ਸਰਕਾਰ ਨੇ ਅੱਤ ਗਰੀਬਾਂ ਨੂੰ ਵੀ ਨਹੀਂ ਬਖਸ਼ਿਆ| ਅਤੇ ਸੱਭ ਤੋਂ ਬੁਰਾ ਪਹਿਲੂ ਇਹ ਹੈ ਕਿ ਇਹ ਵਾਧਾ 1 ਅਪ੍ਰੈਲ 2017 ਤੋਂ ਲਾਗੂ ਹੋਵੇਗਾ ਜਿਸ ਦਾ ਖੁਲਾਸਾ ਸਰਕਾਰ ਨੇ ਜੂਨ ਵਿੱਚ ਹੋਏ ਬਜਟ ਸੈਸ਼ਨ ਦੋਰਾਨ ਨਹੀਂ ਕੀਤਾ|
ਖਹਿਰਾ ਨੇ ਅੱਗੇ ਕਿਹਾ ਕਿ ਇਸੇ ਪ੍ਰਕਾਰ ਹੀ ਸਰਕਾਰ ਨੇ ਹਾਲ ਹੀ ਵਿੱਚ ਰੁਪਏ ਇਕੱਠੇ ਕਰਨ ਲਈ ਮਾਰਕੀਟ ਕਮੇਟੀ ਅਤੇ ਰੂਰਲ ਡਿਵਲੈਪਮੈਂਟ ਫੀਸ ਵਿੱਚ 1 ਤੋਂ 3 ਫੀਸਦੀ ਦਾ ਵਾਧਾ ਕੀਤਾ ਹੈ, ਜੋ ਕਿ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਉੱਪਰ ਹੋਰ ਵਾਧੂ ਬੋਝ ਬਣੇਗਾ ਅਤੇ ਕੋਝਾ ਮਜਾਕ ਹੋਵੇਗਾ| ਖਹਿਰਾ ਨੇ ਮਨੋਰੰਜਨ ਅਤੇ ਪ੍ਰੋਫੈਸ਼ਨਲ ਟੈਕਸ ਵਿੱਚ ਵਾਧਾ ਕੀਤੇ ਜਾਣ ਦੀ ਵੀ ਨਿਖੇਧੀ ਕੀਤੀ ਜੋ ਕਿ ਜੀ.ਐਸ.ਟੀ. ਦੇ ਸਿਧਾਂਤ ਦੇ ਖਿਲਾਫ ਹੈ|
ਸਿਰਫ ਪੈਸੇ ਬਚਾਉਣ ਲਈ ਰਲੇਂਵੇ ਦੇ ਬਹਾਨੇ ਜੀ.ਪੀ.ਐਸ ਬੰਦ ਕਰਨ ਵਾਲੀ ਕੈਪਟਨ ਸਰਕਾਰ ਦੀ ਵੀ ਖਹਿਰਾ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ| ਉਹਨਾਂ ਕਿਹਾ ਕਿ ਇਹ ਕਦਮ ਹਜਾਰਾਂ ਗਰੀਬ ਵਿਦਿਆਰਥੀਆਂ ਦੇ ਭਵਿੱਖ ਨੂੰ ਖਤਰੇ ਵਿੱਚ ਪਾਉਣ ਦੇ ਨਾਲ ਨਾਲ ਅਧਿਆਪਕਾਂ ਨੂੰ ਬੇਰੋਜਗਾਰ ਕਰ ਦੇਵੇਗਾ|
ਅੰਤ ਵਿੱਚ ਖਹਿਰਾ ਨੇ ਕਿਹਾ ਕਿ ਇੰਝ ਲਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੁਰਾਤਨ ਰੋਮਨ ਰਾਜੇ ਨੀਰੋ ਵਾਂਗ ਵਤੀਰਾ ਕਰ ਰਹੇ ਹਨ ਜੋ ਕਿ ਆਪਣੇ ਦੇਸ਼ ਦੇ ਸੜਣ ਮੋਕੇ ਬੰਸਰੀ ਵਜਾ ਰਿਹਾ ਸੀ| ਇਸੇ ਤਰਾਂ ਹੀ ਜਦ ਪੰਜਾਬੀ ਲੁੱਟੇ ਜਾ ਰਹੇ ਹਨ ਕੈਪਟਨ ਆਪਣੇ ਪਾਕਿਸਤਾਨੀ ਦੋਸਤਾਂ ਨਾਲ ਪਹਾੜਾਂ ਵਿੱਚ ਛੁੱਟੀਆਂ ਮਨਾ ਰਹੇ ਹਨ ਅਤੇ ਸੋਸ਼ਲ ਮੀਡੀਆ ਉੱਪਰ ਸੈਲਫੀਆਂ ਪਾ ਰਹੇ ਹਨ| ਉਹਨਾਂ ਕਿਹਾ ਕਿ ਆਪਣੀ ਸਰਕਾਰ ਦੇ ਦੀਵਾਲੀਆਪਣ ਅਤੇ ਆਰਥਿਕ ਕਮਜੋਰੀਆਂ ਨੂੰ ਲੁਕਾਉਣ ਲਈ ਕੈਪਟਨ ਪੰਜਾਬ ਦੇ ਲੋਕਾਂ ਨੂੰ ਸਜ਼ਾ ਨਹੀਂ ਦੇ ਸਕਦੇ| ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਮਿਸਾਲ ਪੇਸ਼ ਕਰਨੀ ਚਾਹੀਦੀ ਹੈ ਅਤੇ ਆਪਣੀ ਸਰਕਾਰ ਅਤੇ ਸਲਾਹਕਾਰਾਂ ਅਤੇ ਅੋ.ਐਸ.ਡੀਆਂ ਦੀ ਫੋਜ਼ ਦੇ ਖਰਚੇ ਘਟਾਉਣੇ ਚਾਹੀਦੇ ਹਨ|
ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਲੋਕਾਂ ਨੂੰ ਆਰਥਿਕ ਬੋਝ ਅਤੇ ਮਹਿੰਗਾਈ ਤੋਂ ਬਚਾਉਣ ਲਈ ਬਿਜਲੀ ਟੈਰਿਫ ਵਿੱਚ ਕੀਤੇ ਵੱਡੇ ਵਾਧੇ ਅਤੇ ਹੋਰ ਲੁਕਵੇਂ ਟੈਕਸਾਂ ਨੂੰ ਤੁਰੰਤ ਵਾਪਿਸ ਲਿਆ ਜਾਵੇ|