ਨਿੱਜੀ ਰੰਜਸ਼ ਕਾਰਨ ਪ੍ਰਵਾਸੀ ਨੌਜਵਾਨ ਨੇ ਕੀਤਾ ਸੀ ਪੱਤਰਕਾਰ ਕੇ ਜੇ ਸਿੰਘ ਅਤੇ ਉਸ ਦੀ ਮਾਤਾ ਦਾ
ਪੱਤਰਕਾਰ ਨੇ ਪਾਰਕ ਵਿਚ ਬੈਠੇ ਨੂੰ ਮਾਰੀਆਂ ਸੀ ਚਪੇੜਾਂ
ਐੱਸਏਐੱਸ ਨਗਰ : ਮੋਹਾਲੀ ਪੁਲਿਸ ਨੇ ਮੋਹਾਲੀ ਦੇ ਫੇਜ਼ 3ਬੀ2 ਵਿਚ ਕਤਲ ਕੀਤੇ ਗਏ ਪੱਤਰਕਾਰ ਕੇਜੇ ਸਿੰਘ ਅਤੇ ਉਸਦੀ 90 ਸਾਲਾ ਮਾਤਾ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ| ਇਸ ਮਾਮਲੇ ਵਿਚ ਪੁਲਿਸ ਦਾ ਕਹਿਣਾ ਹੈ ਕਿ ਪਾਰਕ ਵਿਚ ਬੈਠੇ ਇਕ ਪ੍ਰਵਾਸੀ ਨੌਜਵਾਨ ਨਾਲ ਤਕਰਾਰ ਤੋਂ ਬਾਅਦ ਕੇਜੇ ਸਿੰਘ ਨੇ ਉਸਦੇ ਚਪੇੜਾਂ ਮਾਰੀਆਂ ਸਨ ਜਿਸਦੀ ਰੰਜਿਸ਼ ਰੱਖਦਿਆਂ ਉਕਤ ਨੌਜਵਾਨ ਨੇ ਦੋਹਾਂ ਮਾਂ-ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ|
ਇਸ ਮਾਮਲੇ ਵਿਚ ਮੋਹਾਲੀ ਪੁਲੀਸ ਇਕ ਨੌਜਵਾਨ ਨੂੰ ਕੇਜੇ ਸਿੰਘ ਦੀ ਫੋਰਡ ਗੱਡੀ ਅਤੇ ਇਸਦੇ ਨਾਲ ਨਾਲ ਕਤਲ ਲਈ ਵਰਤੇ ਗਏ ਹਥਿਆਰ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ| ਚੇਤੇ ਰਹੇ ਕਿ 22 ਅਤੇ 23 ਸਤੰਬਰ ਦੀ ਰਾਤ ਸਥਾਨਕ
ਫੇਜ਼-3ਬੀ2 ਦੀ ਕੋਠੀ ਨੰ: 1796 ਵਿੱਚ ਬੇਰਹਿਮੀ ਨਾਲ ਪੱਤਰਕਾਰ ਕੇਜੇ ਸਿੰਘ ਅਤੇ ਉਸਦੀ ਮਾਂ ਦਾ ਕਤਲ ਕਰ ਦਿੱਤਾ ਗਿਆ ਸੀ|
ਮੋਹਾਲੀ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਪੁਲਿਸ ਨੇ ਇਕ ਸੂਚਨਾ ਦੇ ਆਧਾਰ ਤੇ ਇਸ ਵਿਅਕਤੀ ਨੂੰ ਫੋਰਡ ਕਾਰ ਵਿਚ ਘੁੰਮਦਿਆਂ ਕਾਬੂ ਕੀਤਾ| ਇਸ ਕਾਰ ਉੱਤੇ ਨੰ: ਪੀ ਬੀ 65ਏ0164 ਲੱਗਿਆ ਹੋਇਆ ਸੀ| ਇਸ ਕਾਰ ਨੂੰ ਕਾਬੂ ਕਰਨ ਲਈ ਸਾਰੀਆਂ ਪੀ ਸੀ ਆਰ ਟੀਮਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ| ਇਸ ਕਾਰ ਦੀ ਤਲਾਸ਼ੀ ਦੌਰਾਨ ਕਾਰ ਵਿੱਚੋਂ ਇੱਕ ਸਰਵਿਸ ਸਲਿਪ ਮਿਲੀ ਜਿਸ ਉੱਪਰ ਕੇ ਜੇ ਸਿੰਘ ਦਾ ਨਾਮ ਲਿਖਿਆ ਹੋਇਆ ਸੀ| ਪੁਲਿਸ ਨੇ ਕਾਰ ਦੇ ਇੰਜਣ ਤੇ ਚੈਸੀ ਨੰਬਰ ਦੀ ਜਾਂਚ ਕੀਤੀ ਤਾਂ ਇਹ ਵੀ ਕੇ ਜੇ ਸਿੰਘ ਦੀ ਕਾਰ ਵਾਲੇ ਹੀ ਸਨ|
ਕਾਰ ਚਾਲਕ ਦੀ ਪਛਾਣ ਗੌਰਵ ਕੁਮਾਰ ਵਸਨੀਕ ਕਜਹੇੜੀ ਵਜੋਂ ਹੋਈ ਜਿਸਨੂੰ ਕਾਬੂ ਕਰਕੇ ਪੁੱਛਗਿਛ ਦੌਰਾਨ ਉਸਨੇ ਕਤਲ ਦੀ ਵਾਰਦਾਤ ਕਬੂਲਦਿਆਂ ਆਪਣੇ ਕਿਰਾਏ ਦੇ ਕਮਰੇ ਵਿਚੋਂ ਇਸ ਵਾਰਦਾਤ ਲਈ ਵਰਤਿਆ ਚਾਕੂ, ਕੇਜੇ ਸਿੰਘ ਦੇ ਘਰੋਂ ਚੁੱਕੇ ਮੋਬਾਈਲ ਫੋਨ, 3 ਏ ਟੀ ਐਮ ਕਾਰਡ, ਇਕ ਘੜੀ, ਡੀ ਵੀ ਡੀ ਪਲੇਅਰ, ਏਅਰਟੈਲ ਕੰਪਨੀ ਦਾ ਟੀ ਵੀ ਸੈਟਆਪ ਬਾਕਸ, ਇੱਕ ਟੈਲੀ ਫਲੈਸ਼ ਬਰਾਮਦ ਕਰਵਾਏ|