“Hope Fight Cure for Cancer Survivor Patients” program organized at Sohana Hospital
ਸੋਹਾਣਾ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਮਲਟੀ ਸੁਪਰ ਸਪੈਸ਼ਲਟੀ ਹਸਪਤਾਲ ਦਾ ਉਪਰਾਲਾ
ਕੈਂਸਰ ਦੇ ਇਲਾਜ ਨਾਲ ਠੀਕ ਹੋਏ ਮਰੀਜ਼ਾਂ ਦੀ ਮਿਲਣੀ ਲਈ ”ਹੋਪ ਫਾਈਟ ਕਿਓਰ ਫਾਰ ਕੈਂਸਰ ਸਰਵਾਈਵਰ ਪੇਸ਼ੈਂਟਸ’ ਪ੍ਰੋਗਰਾਮ ਕਰਵਾਇਆ
ਮਰੀਜ਼ਾਂ ਨੇ ਕੀਤੀ ਰੈਂਪ ਵਾਕ, ਗਰੁੱਪ ਡਾਂਸ, ਗੀਤ ਸੰਗੀਤ ਦਾ ਪ੍ਰੋਗਰਾਮ ਕੀਤਾ
ਨਰਸਿੰਗ ਸਟਾਫ ਨੇ ਕੈਂਸਰ ਦੇ ਇਲਾਜ ਦੀਆਂ ਗਲਤਫਹਿਮੀਆਂ ਸਬੰਧੀ ਪੇਸ਼ ਕੀਤਾ ਨਾਟਕ
ਐਸ.ਏ.ਐਸ. ਨਗਰ, 16 ਜੁਲਾਈ : ਸੋਹਾਣਾ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਵਿਚ ਅੱਜ ਵੱਖ ਵੱਖ ਤਰ੍ਹਾਂ ਦੀ ਕੈਂਸਰ ਦੀ ਬਿਮਾਰੀ ਦੇ ਇਲਾਜ ਨਾਲ ਠੀਕ ਹੋਏ ਮਰੀਜ਼ਾਂ ਨੇ ਇਕ ਪ੍ਰੋਗਰਾਮ ”ਹੋਪ ਫਾਈਟ ਕਿਓਰ ਫਾਰ ਕੈਂਸਰ ਸਰਵਾਈਵਰ ਪੇਸ਼ੈਂਟਸ’ ਦੌਰਾਨ ਆਪਣੇ ਤਜ਼ਰਬੇ ਸਾਂਝੇ ਕੀਤੇ| ਜ਼ਿਕਰਯੋਗ ਹੈ ਕਿ ਸੋਹਾਣਾ ਦੇ ਹਸਪਤਾਲ ਵਿਚ ਕੈਂਸਰ ਦਾ ਵੱਖਰਾ ਵਿਭਾਗ ਬਣਾ ਦਿਤਾ ਗਿਆ ਹੈ ਜਿਸਦੇ ਮੁਖੀ ਡਾ. ਸੰਦੀਪ ਕੁੱਕੜ (ਆਂਕੋਲਿਜਸਟ ਹਨ)|
ਪ੍ਰੋਗਰਾਮ ਦੇ ਮੁੱਖ ਮਹਿਮਾਨ ਮੋਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਸ਼ਮਾਂ ਰੌਸ਼ਨ ਕਰਕੇ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ| ਉਨ੍ਹਾਂ ਨੇ ਇਸ ਮੌਕੇ ਬੋਲਦਿਆਂ ਹਸਪਤਾਲ ਦੇ ਪ੍ਰਬੰਧਕਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਕੈਂਸਰ ਦੇ ਹੋਰਨਾਂ ਮਰੀਜ਼ਾਂ ਨੂੰ ਬਹੁਤ ਆਤਮਬਲ ਮਿਲਦਾ ਹੈ ਜੋ ਕਿ ਕੈਂਸਰ ਦੇ ਇਲਾਜ ਵਾਸਤੇ ਬਹੁਤ ਜ਼ਰੂਰੀ ਹੈ| ਉਨ੍ਹਾਂ ਕਿਹਾ ਕਿ ਸੋਹਾਣਾ ਦੇ ਹਸਪਤਾਲ ਵਿਚ ਮਰੀਜ਼ਾਂ ਨੂੰ ਦਵਾਈਆਂ ਦੇ ਇਲਾਜ ਦੇ ਨਾਲ ਨਾਲ ਆਤਮਿਕ ਇਲਾਜ਼ ਵੀ ਮਿਲਦਾ ਹੈ ਜੋ ਸੋਨੇ ‘ਤੇ ਸੁਹਾਗੇ ਵਾਲਾ ਕੰਮ ਕਰਦਾ ਹੈ|
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਡਾ. ਰੀਟਾ ਭਾਰਦਵਾਜ, ਸਿਵਲ ਸਰਜਨ ਮੋਹਾਲੀ ਨੇ ਇਸ ਪ੍ਰੋਗਰਾਮ ਲਈ ਹਸਪਤਾਲ ਦੇ ਪ੍ਰਬੰਧਕਾਂ ਦੇ ਨਾਲ ਨਾਲ ਪ੍ਰੋਗਰਾਮ ਵਿਚ ਪੁੱਜੇ ਕੈਂਸਰ ਤੋਂ ਮੁਕਤ ਹੋਏ ਮਰੀਜ਼ਾਂ ਦੀਵੀ ਸ਼ਲਾਘਾ ਕੀਤੀ| ਉਨ੍ਹਾਂ ਕਿਹਾ ਕਿ ਕੈਂਸਰ ਵਰਗੀ ਬਿਮਾਰੀ ਨਾਲ ਲੜਾਈ ਲੜਣ ਵਾਲੇ ਲੋਕ ਜਦੋਂ ਆਪਣੀ ਹੱਡਬੀਤੀ ਦਸਦੇ ਹਨ ਤਾਂ ਇਸ ਨਾਲ ਹੋਰਨਾਂ ਮਰੀਜ਼ਾਂ ਨੂੰ ਵੀ ਇਸ ਬਿਮਾਰੀ ਨਾਲ ਲੜਣ ਦੀ ਪ੍ਰੇਰਣਾ ਮਿਲਦੀ ਹੈ| ਉਨ੍ਹਾਂ ਕਿਹਾ ਕਿ ਕੈਂਸਰ ਦੀ ਬਿਮਾਰੀ ਵਾਸਤੇ ਮੌਜੂਦਾ ਰਹਿਣ ਸਹਿਣ ਅਤੇ ਖਾਣ ਪੀਣ ਵੀ ਜ਼ਿੰਮੇਵਾਰ ਹੈ ਅਤੇ ਲੋਕਾਂ ਨੂੰ ਆਪਣਾ ਲਾਈਫ ਸਟਾਈਲ ਠੀਕ ਕਰਨ ਦੀ ਲੋੜ ਹੈ|
ਇਸ ਮੌਕੇ ਹਸਪਤਾਲ ਦੇ ਟ੍ਰਸਟੀ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਵਿਸ਼ਵਾਸ਼ ਦੀ ਹੈ ਅਤੇ ਪਰਮਾਤਮਾ ਉਤੇ ਵਿਸ਼ਵਾਸ਼ ਰੱਖਣ ਵਾਲਿਆਂ ਦਾ ਇਲਾਜ ਸੌਖਾ ਹੋ ਜਾਂਦਾ ਹੈ| ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਸੋਹਾਣਾ ਹਸਪਤਾਲ ਵਲੋਂ ਲੋੜਵੰਦਾਂ ਦੇ ਇਲਾਜ ਲਈ ਪੂਰਨ ਉਪਰਾਲੇ ਕੀਤੇ ਜਾਂਦੇ ਹਨ| ਉਨ੍ਹਾਂ ਕਿਹਾ ਕਿ ਇੱਥੇ ਹੁਣ ਕੈਂਸਰ ਦੇ ਇਲਾਜ ਲਈ ਪੂਰਨ ਵਿਭਾਗ ਬਣਾ ਦਿਤਾ ਗਿਆ ਹੈ ਅਤੇ ਇੱਥੇ ਹਰ ਸਮੇਂ ਮਾਹਿਰ ਡਾਕਟਰ ਉਪਲਬਧ ਹਨ|
ਇਸ ਮੌਕੇ ਹਾਜ਼ਰ ਮਰੀਜ਼ਾਂ ਗੋਰਾ ਸਿੰਘ, ਸ੍ਰੀਮਤੀ ਅਚਲਾ ਭਾਟੀਆ, ਰਾਮ ਕੁਮਾਰ, ਅਮਰਜੀਤ ਸਿੰਘ, ਮਨਜੀਤ ਕੌਰ ਆਦਿ ਨੇ ਆਪਣੇ ਤਜ਼ਰਬੇ ਹਾਜ਼ਰ ਲੋਕਾਂ ਅਤੇ ਮਰੀਜ਼ਾਂ ਨਾਲ ਸਾਂਝੇ ਕੀਤੇ| ਗੋਰਾ ਸਿੰਘ ਦਾ ਪੈਂਕ੍ਰੀਐਟਿਕ ਕੈਂਸਰ ਦਾ ਇਲਾਜ ਹੋਇਆ ਹੈ ਜੋ ਹੁਣ ਪੂਰੀ ਤਰ੍ਹਾਂ ਠੀਕ ਹੈ| ਮਨਜੀਤ ਕੌਰ ਦਾ ਛਾਤੀ ਦੇ ਕੈਂਸਰ ਦਾ ਇਲਾਜ ਹੋਇਆ ਹੈ ਜਦੋਂ ਕਿ ਰਾਮ ਕੁਮਾਰ ਮਲਟੀਪਲ ਮਾਈਲੋਮਾ ਨਾਂ ਦੇ ਕੈਂਸਰ ਨਾਲ ਪੀੜਤ ਸੀ ਜਿਸਦਾ ਇਲਾਜ ਹੋ ਚੁੱਕਿਆ ਹੈ| ਇਨ੍ਹਾਂ ਸਾਰਿਆਂ ਨੇ ਹੀ ਹਸਪਤਾਲ ਦੇ ਪ੍ਰਬੰਧਕਾਂ ਅਤੇ ਡਾ. ਸੰਦੀਪ ਕੁੱਕੜ ਸਮੇਤ ਹਸਪਤਾਲ ਦੇ ਸਟਾਫ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡਾਕਟਰ ਅਤੇ ਸਟਾਫ ਦਾ ਵਤੀਰਾ ਵਧੀਆ ਹੋਵੇ ਤਾਂ ਮਰੀਜ਼ ਦੀ ਅੱਧੀ ਬਿਮਾਰੀ ਤਾਂ ਵੈਸੇ ਹੀ ਦੂਰ ਹੋ ਜਾਂਦੀ ਹੈ|
ਪ੍ਰੋਗਰਾਮ ਦੌਰਾਨ ਕੈਂਸਰ ਦੇ ਠੀਕ ਹੋਏ ਮਰੀਜ਼ਾਂ ਨੇ ਸਟੇਜ ‘ਤੇ ਰੈਂਪ ਵਾਕ ਕੀਤਾ, ਗੀਤ ਗਾਏ ਅਤੇ ਗਰੁੱਪ ਡਾਂਸ ਕੀਤਾ| ਇਸ ਤੋਂ ਇਲਾਵਾ ਹਸਪਤਾਲ ਦੇ ਨਰਸਿੰਗ ਸਟਾਫ ਨੇ ਕੈਂਸਰ ਦੇ ਇਲਾਜ ਸਬੰਧੀ ਮਰੀਜ਼ਾਂ ਵਿਚ ਫੈਲੀਆਂ ਗਲਤਫਹਿਮੀਆਂ ਨੂ ੰਦੂਰ ਕਰਨ ਲਈ ਇਕ ਨਾਟਕ ਵੀ ਪੇਸ਼ ਕੀਤਾ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਸਪਤਾਲ ਦੇ ਟ੍ਰਸਟੀ ਸ੍ਰ. ਸਰਬਜੀਤ ਸਿੰਘ, ਮੈਡੀਕਲ ਡਾਇਰੈਕਟਰ ਡਾ. ਗੁਰਮੀਤ ਸਿੰਘ ਮਾਂਗਟ, ਸੀ.ਈ.ਓ ਡਾ. ਗਗਨਦੀਪ ਸਿੰਘ ਸਚਦੇਵਾ, ਚੀਫ ਐਡਮਿਨਿਸਟ੍ਰੇਟਰ ਏ.ਕੇ. ਸੂਰੀ ਸਮੇਤ ਹਸਪਤਾਲ ਦੇ ਡਾਕਟਰ ਅਤੇ ਸਟਾਫ ਹਾਜ਼ਰ ਸੀ|