ਅਮਰਨਾਥ ਯਾਤਰੀਆਂ ਨੂੰ ਜਲਦੀ ਕਸ਼ਮੀਰ ਵਾਦੀ ‘ਚੋਂ ਵਾਪਸੀ ਦੀ ਸਲਾਹ
ਜੰਮੂ–ਕਸ਼ਮੀਰ ਸਰਕਾਰ ਨੇ ਸ਼ੁੱਕਰਵਾਰ ਨੂੰ ਸਾਰੇ ਅਮਰਨਾਥ ਯਾਤਰੀਆਂ ਨੂੰ ਹੁਣ ਸਲਾਹ ਦਿੱਤੀ ਹੈ ਕਿ ਉਹ ਛੇਤੀ ਤੋਂ ਛੇਤੀ ਆਪਣੀ ਯਾਤਰਾ ਨੂੰ ਘਟਾ ਕੇ ਕਸ਼ਮੀਰ ਵਾਦੀ ਵਿੱਚੋਂ ਬਾਹਰ ਨਿੱਕਲ ਜਾਣ। ਅਮਰਨਾਥ ਯਾਤਰੀਆਂ ਨੂੰ ਇਹ ਸਲਾਹ ਜੰਮੂ–ਕਸ਼ਮੀਰ ਦੇ ਗ੍ਰਹਿ ਵਿਭਾਗ ਨੇ ਦਿੱਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਖ਼ੁਫ਼ੀਆ ਰਿਪੋਰਟਾਂ ਮਿਲੀਆਂ ਹਨ ਕਿ ਦਹਿਸ਼ਤਗਰਦ ਹੁਣ ਅਮਰਨਾਥ ਯਾਤਰੀਆਂ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ। ਸੂਬੇ ਦੇ ਗ੍ਰਹਿ ਵਿਭਾਗ ਦੀ ਸਲਾਹ ਫ਼ੌਜ ਤੇ ਪੁਲਿਸ ਅਧਿਕਾਰੀਆਂ ਦੀ ਸਾਂਝੀ ਪ੍ਰੈੱਸ ਕਾਨਫ਼ਰੰਸ ਦੇ ਕੁਝ ਮਿੰਟਾਂ ਬਾਅਦ ਹੀ ਆਈ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਜਿਹੀਆਂ ਖ਼ੁਫ਼ੀਆ ਰਿਪੋਰਟਾਂ ਮਿਲੀਆਂ ਹਨ ਕਿ ਅੱਤਵਾਦੀ ਹੁਣ ਬੰਬ ਧਮਾਕਿਆਂ ਨਾਲ ਅਮਰਨਾਥ ਯਾਤਰੀਆਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ। ਪ੍ਰੈੱਸ ਕਾਨਫ਼ਰੰਸ ਦੌਰਾਨ ਲੈਫ਼ਟੀਨੈਂਟ ਜਨਰਲ ਕੇ. ਜੇ. ਐੱਸ. ਢਿਲੋਂ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੁਰੱਖਿਆ ਬਲ ਹੁਣ ਅਮਰਨਾਕ ਯਾਤਰਾ ਦੇ ਰੂਟ ਉੱਤੇ ਪਿਛਲੇ ਤਿੰਨ ਦਿਨਾਂ ਤੋਂ ਸਖ਼ਤ ਸੁਰੱਖਿਆ ਚੌਕਸੀ ਰੱਖ ਰਹੇ ਹਨ।