ਚਾਰ ਛੱਕੇ ਮਾਰ ਕੇ ਗੇਲ ਦਾ ਰਿਕਾਰਡ ਤੋੜ ਦੇਵੇਗਾ ਰੋਹਿਤ
ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਵੈਸਟ ਇੰਡੀਜ਼ ਖ਼ਿਲਾਫ਼ ਸ਼ਨਿੱਚਰਵਾਰ ਨੂੰ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੁਕਾਬਲੇ ਵਿੱਚ ਜੇਕਰ ਚਾਰ ਛੱਕੇ ਮਾਰ ਦਿੰਦਾ ਹੈ ਤਾਂ ਉਹ ਇਸ ਵੰਨਗੀ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲੇ ਕ੍ਰਿਸ ਗੇਲ ਦਾ ਰਿਕਾਰਡ ਆਪਣੇ ਨਾਮ ਕਰ ਲਵੇਗਾ। ਰੋਹਿਤ ਦੇ ਨਾਂਅ 94 ਟੀ-20 ਮੈਚਾਂ ਵਿੱਚ 102 ਛੱਕੇ ਹਨ, ਜਦਕਿ ਵੈਸਟ ਇੰਡੀਜ਼ ਦੇ ਤਜਰਬੇਕਾਰ ਗੇਲ ਨੇ ਸਿਰਫ਼ 58 ਮੁਕਾਬਲਿਆਂ ਵਿੱਚ 105 ਛੱਕੇ ਮਾਰੇ ਹਨ। ਇਸ ਸੂਚੀ ਵਿੱਚ ਗੇਲ ਮਗਰੋਂ ਦੂਜੇ ਸਥਾਨ ’ਤੇ ਨਿਊਜ਼ੀਲੈਂਡ ਦਾ ਮਾਰਟਿਨ ਗੁਪਟਿਲ ਹੈ, ਜਿਸ ਦੇ 76 ਮੈਚਾਂ ਵਿੱਚ 103 ਛੱਕੇ ਹਨ। ਰੋਹਿਤ ਕੋਲ ਗੇਲ ਦਾ ਰਿਕਾਰਡ ਤੋੜਨ ਦਾ ਇਹ ਬਿਹਤਰੀਨ ਮੌਕਾ ਹੈ ਕਿਉਂਕਿ ਗੇਲ ਤਿੰਨ ਮੈਚਾਂ ਦੀ ਇਸ ਟੀ-20 ਲੜੀ ਦਾ ਹਿੱਸਾ ਨਹੀਂ। ਉਹ ਇੱਕ ਰੋਜ਼ਾ ਲੜੀ ਵਿੱਚ ਖੇਡੇਗਾ। ਰੋਹਿਤ ਟੀ-20 ਕੌਮਾਂਤਰੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਉਸ ਨੇ 32.37 ਦੀ ਔਸਤ ਨਾਲ 2331 ਦੌੜਾਂ ਬਣਾਈਆਂ, ਜਿਸ ਵਿੱਚ ਚਾਰ ਸੈਂਕੜੇ ਅਤੇ 16 ਨੀਮ-ਸੈਂਕੜੇ ਸ਼ਾਮਲ ਹਨ। ਰੋਹਿਤ ਇਸ ਲੜੀ ਵਿੱਚ ਵਿਸ਼ਵ ਕੱਪ ਵਾਲੀ ਲੈਅ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ, ਜਿਸ ਨੇ ਕ੍ਰਿਕਟ ਦੇ ਸਭ ਤੋਂ ਵੱਡੇ ਟੂਰਨਾਮੈਂਟ ਵਿੱਚ ਰਿਕਾਰਡ ਪੰਜ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਸਨ।