February 5, 2025
#ਖੇਡਾਂ

ਰੋਨਾਲਡੋ ਤੋਂ ਪ੍ਰੇਰਨਾ ਲੈਂਦਾ ਹਾਂ ਕੋਹਲੀ

ਫੁਟਬਾਲ ਦੇ ਮੁਰੀਦ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਹ ਪੁਰਤਗਾਲੀ ਸਟਾਰ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਤੋਂ ਪ੍ਰੇਰਨਾ ਲੈਂਦਾ ਹੈ, ਜਿਸ ਨੇ ਆਪਣੇ ਲਾਜਵਾਬ ਅਨੁਸ਼ਾਸਨ ਨਾਲ ਅਰਜਨਟੀਨਾ ਦੇ ਲਾਇਨਲ ਮੈਸੀ ਦੇ ਮੁਕਾਬਲੇ ਵੱਧ ਚੁਣੌਤੀਆਂ ਦਾ ਸ਼ਾਨਦਾਰ ਢੰਗ ਨਾਲ ਸਾਹਮਣਾ ਕੀਤਾ ਹੈ।ਰੋਨਾਲਡੋ ਅਤੇ ਕੋਹਲੀ ਦੋਵਾਂ ਨੇ ਫਿਟਨੈੱਸ ਦੇ ਮਾਮਲੇ ਵਿੱਚ ਨਵੇਂ ਮਿਆਰ ਕਾਇਮ ਕੀਤੇ ਹਨ। ਵੈਸਟ ਇੰਡੀਜ਼ ਖ਼ਿਲਾਫ਼ ਟੀ-20 ਲੜੀ ਖੇਡਣ ਫਲੋਰਿਡਾ ਪਹੁੰਚੇ ਕੋਹਲੀ ਨੇ ‘ਫੀਫਾ ਡਾਟ ਕਾਮ’ ਨੂੰ ਕਿਹਾ, ‘‘ਮੇਰੇ ਲਈ ਕ੍ਰਿਸਟਿਆਨੋ ਰੋਨਾਲਡੋ ਸਭ ਤੋਂ ਉਪਰ ਹੈ। ਉਸ ਦੀ ਦ੍ਰਿੜ੍ਹਤਾ ਅਤੇ ਅਨੁਸ਼ਾਸਨ ਲਾਸਾਨੀ ਹਨ। ਤੁਸੀਂ ਹਰ ਮੈਚ ਵਿੱਚ ਵੇਖ ਸਕਦੇ ਹੋ। ਮੈਂ ਹਰ ਉਸ ਕਲੱਬ ਦਾ ਸਮਰਥਨ ਕਰਦਾ ਹਾਂ, ਜਿਸ ਦੇ ਲਈ ਉਹ ਖੇਡਦਾ ਹੈ। ਉਹ ਮੈਨੂੰ ਪ੍ਰੇਰਿਤ ਕਰਦਾ ਹੈ।’’ਮੈਸੀ ਬਨਾਮ ਰੋਨਾਲਡੋ ਦੀ ਕਦੇ ਖ਼ਤਮ ਨਾ ਹੋਣ ਵਾਲੀ ਬਹਿਸ ਵਿੱਚ ਸ਼ਾਮਲ ਹੁੰਦਿਆਂ ਕੋਹਲੀ ਨੇ ਕਿਹਾ ਕਿ ਬਾਰਸੀਲੋਨਾ ਦੇ ਸਟਾਰ ਸਟਰਾਈਕਰ ਮੈਸੀ ਦੇ ਮੁਕਾਬਲੇ ਰੋਨਾਲਡੋ ਦਾ ਕਰੀਅਰ ਗਰਾਫ਼ ਬਿਹਤਰ ਰਿਹਾ ਹੈ।ਉਸ ਨੇ ਕਿਹਾ, ‘‘ਮੇਰੇ ਮੁਤਾਬਕ ਰੋਨਾਲਡੋ ਨੇ ਵੱਧ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਅਤੇ ਉਸ ਵਿੱਚ ਸਫਲ ਰਿਹਾ ਹੈ। ਉਹ ਵੱਧ ਸਫਲ ਖਿਡਾਰੀ ਹੈ ਅਤੇ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ। ਬਹੁਤੇ ਲੋਕ ਅਜਿਹਾ ਨਹੀਂ ਕਰ ਸਕਦੇ। ਉਹ ਕਪਤਾਨ ਵੀ ਹੈ ਅਤੇ ਇਹੀ ਖ਼ਾਸ ਹੈ। ਉਸ ਦਾ ਆਤਮਵਿਸ਼ਵਾਸ ਕਮਾਲ ਦਾ ਹੈ।’’