ਜੰਮੂ-ਕਸ਼ਮੀਰ ‘ਚ ਭਾਰੀ ਤਣਾਅ-ਘੁਸਪੈਠ ਦੀ ਫਿਰਾਕ ‘ਚ 15 ਅੱਤਵਾਦੀ

ਜੈਸ਼-ਏ-ਮੁਹੰਮਦ ਘਾਟੀ ‘ਚ ਕਈ ਹਮਲੇ ਕਰਨ ਦੀ ਫ਼ਿਰਾਕ ‘ਚ
ਸ਼੍ਰੀਨਗਰ – ਜੰਮੂ-ਕਸ਼ਮੀਰ ਵਿੱਚ ਹਾਲਾਤ ਕਾਫੀ ਤਣਾਅਪੂਰਨ ਹਨ। ਕੇਂਦਰ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਸੁੱਰਖਿਆ ਦਸਤੇ ਤਾਇਨਾਤ ਕਰਨ ਤੋਂ ਬਾਅਦ ਸੂਬੇ ‘ਚੋਂ ਸੈਲਾਨੀ ਅਤੇ ਅਮਰਨਾਥ ਯਾਤਰੀ ਕਾਹਲੀ ਨਾਲ ਵਾਪਸੀ ਕਰ ਰਹੇ ਹਨ। ਦੂਸਰੇ ਪਾਸੇ ਸੁਰੱਖਿਆ ਏਜੰਸੀਆਂ ਨੂੰ ਖੁਫੀਆ ਸੂਚਨਾ ਮਿਲੀ ਹੈ ਕਿ ਪਾਕਿਸਤਾਨ ‘ਚ ਮੌਜੂਦ ਜੈਸ਼-ਏ-ਮੁਹੰਮਦ ਜੰਮੂ-ਕਸ਼ਮੀਰ ਵਿੱਚ ਕਈ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਹੈ। ਸੂਤਰਾਂ ਅਨੁਸਾਰ ਪੀ.ਓ.ਕੇ. ‘ਚ ਬੈਠਾ ਜੈਸ਼ ਸਰਗਨਾ ਮਸੂਦ ਅਜ਼ਹਰ ਦਾ ਭਰਾ ਇਬਰਾਹਿਮ ਅਜ਼ਹਰ ਜੰਮੂ-ਕਸ਼ਮੀਰ ਵਿੱਚ 15 ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀ ਫਿਰਾਕ ‘ਚ ਹੈ। ਇੱਕ ਏਜੰਸੀ ਅਨੁਸਾਰ ਇੰਨੀ ਗੰਭੀਰ ਖੁਫੀਆ ਜਾਣਕਾਰੀ ਤੋਂ ਬਾਅਦ ਸਰਕਾਰ ਨੂੰ ਕਿਸੇ ਵੀ ਖਤਰੇ ਨਾਲ ਨਜਿੱਠਣ ਲਈ ਘਾਟੀ ‘ਚ ਐਡੀਸ਼ਨਲ ਸੁਰੱਖਿਆ ਫੋਰਸਾਂ ਦੀ ਤਾਇਨਾਤੀ ਦਾ ਫੈਸਲਾ ਲੈਣਾ ਪਿਆ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਜਮਰੂਦ ਇਲਾਕੇ ‘ਚ ਮੌਜੂਦ ਟਰੇਨਿੰਗ ਕੈਂਪਾਂ ਤੋਂ ਅਸਕਰੀ ਦੀ ਟਰੇਨਿੰਗ ਲੈ ਕੇ 15 ਅੱਤਵਾਦੀ ਜੰਮੂ-ਕਸ਼ਮੀਰ ‘ਚ ਘੁਸਪੈਠ ਲਈ ਪੂਰੀ ਤਰ੍ਹਾਂ ਤਿਆਰ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਮਸੂਦ ਅਜ਼ਹਰ ਦਾ ਭਰਾ ਇਸ ਸਾਜਿਸ਼ ‘ਚ ਸ਼ਾਮਿਲ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਜੈਸ਼-ਏ-ਮੁਹੰਮਦ ਸਰਗਨੇ ਮਸੂਦ ਅਜ਼ਹਰ ਦੇ ਭਰਾ ਇਬਰਾਹੀਮ ਅਜ਼ਹਰ ਨੂੰ ਦੇਖਿਆ ਗਿਆ ਹੈ। ਇਬਰਾਹੀਮ ਅਜ਼ਹਰ ਦੇ ਨਾਲ 15 ਅੱਤਵਾਦੀ ਵੀ ਹਨ।