ਹਾਫ਼ਿਜ਼ ਸਈਦ ’ਤੇ ਅਤਿਵਾਦੀਆਂ ਨੂੰ ਮਾਲੀ ਸਹਾਇਤਾ ਦੇਣ ਦਾ ਦੋਸ਼
ਮੁੰਬਈ ਦਹਿਸ਼ਤੀ ਹਮਲੇ ਦੇ ਸਰਗਨੇ ਅਤੇ ਜਮਾਤ-ਉਦ ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਅਤਿਵਾਦ ਵਿਰੋਧੀ ਮਹਿਕਮੇ ਨੇ ਗੁੱਜਰਾਂਵਾਲਾ ਅਦਾਲਤ ’ਚ ਚਲਾਨ ਪੇਸ਼ ਕਰਕੇ ਅਤਿਵਾਦੀਆਂ ਨੂੰ ਮਾਲੀ ਸਹਾਇਤਾ ਦੇਣ ਦਾ ਦੋਸ਼ੀ ਠਹਿਰਾਇਆ ਹੈ। ਉਸ ਨੂੰ ਲਾਹੌਰ ਤੋਂ 80 ਕਿਲੋਮੀਟਰ ਦੂਰ ਗੁੱਜਰਾਂਵਾਲਾ ਦੀ ਅਤਿਵਾਦ ਵਿਰੋਧੀ ਅਦਾਲਤ ’ਚ ਭਾਰੀ ਸੁਰੱਖਿਆ ਹੇਠ ਪੇਸ਼ ਕੀਤਾ ਗਿਆ।ਪੰਜਾਬ ਪੁਲੀਸ ਦੇ ਅਤਿਵਾਦ ਵਿਰੋਧੀ ਮਹਿਕਮੇ ਨੇ ਸਈਦ ਖ਼ਿਲਾਫ਼ ਅਤਿਵਾਦੀਆਂ ਨੂੰ ਮਾਲੀ ਸਹਾਇਤਾ ਪ੍ਰਦਾਨ ਕਰਨ ਲਈ ਚਾਰਜਸ਼ੀਟ ਦਾਖ਼ਲ ਕੀਤੀ। ਮਹਿਕਮੇ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਕੇਸ ਪੰਜਾਬ ਦੇ ਮੰਡੀ ਭਾਊਦੀਨ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਇਸ ਨੂੰ ਗੁਜਰਾਤ ਦੀ ਅਤਿਵਾਦ ਵਿਰੋਧੀ ਅਦਾਲਤ (ਏਟੀਸੀ) ’ਚ ਤਬਦੀਲ ਕੀਤਾ ਜਾਵੇ। ਸਰਕਾਰੀ ਵਕੀਲਾਂ ਦੀ ਬੇਨਤੀ ’ਤੇ ਏਟੀਸੀ ਗੁੱਜਰਾਂਵਾਲਾ ਨੇ ਕੇਸ ਗੁਜਰਾਤ ਤਬਦੀਲ ਕਰ ਦਿੱਤਾ। ਕੇਸ ਦੀ ਅਗਲੀ ਸੁਣਵਾਈ ਹੁਣ ਉਥੇ ਹੀ ਹੋਵੇਗੀ ਜਿਸ ਦੀ ਤਰੀਕ ਬਾਅਦ ’ਚ ਤੈਅ ਕੀਤੀ ਜਾਵੇਗੀ।