ਪਟਿਆਲਾ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ-ਦੋ ਗ੍ਰਿਫ਼ਤਾਰ
ਪੈਸਿਆਂ ਦੇ ਲਾਲਚ ‘ਚ ਕੀਤਾ ਸੀ ਰੱਸੀ ਨਾਲ ਗਲਾ ਘੁੱਟ ਕੇ ਲੜਕੀ ਦਾ ਕਤਲ
ਪਟਿਆਲਾ – ਪਟਿਆਲਾ ਪੁਲਿਸ ਨੇ ਇੱਕ ਲੜਕੀ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਇਸ ਕਤਲ ਦੇ ਮਾਮਲੇ ‘ਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਇਹ ਕਤਲ 1 ਲੱਖ 80 ਹਜ਼ਾਰ ਰੁਪਏ ਦੇ ਲਾਲਚ ‘ਚ ਆ ਕੇ ਦੋ ਜਣਿਆਂ ਨੇ ਕੀਤਾ ਸੀ ਤੇ ਇਨ੍ਹਾਂ ਵਿੱਚੋਂ ਇੱਕ ਲੜਕਾ ਲੜਕੀ ਨੂੰ ਪਹਿਲਾਂ ਹੀ ਜਾਣਦਾ ਸੀ, ਜਿਸ ਨਾਲ ਮ੍ਰਿਤਕ ਲੜਕੀ ਵਿਆਹ ਕਰਨਾ ਚਾਹੁੰਦੀ ਸੀ, ਪੁਲਿਸ ਨੇ ਇਨ੍ਹਾਂ ਦੋਵਾਂ ਨੂੰ ਕਾਬੂ ਕਰ ਲਿਆ ਹੈ।ਇਹ ਜਾਣਕਾਰੀ ਪਟਿਆਲਾ ਦੇ ਉਪ ਕਪਤਾਨ ਪੁਲਿਸ ਸਿਟੀ-2 ਸ. ਦਲਬੀਰ ਸਿੰਘ ਗਰੇਵਾਲ ਨੇ ਥਾਣਾ ਅਨਾਜ ਮੰਡੀ ਵਿਖੇ ਅੱਜ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਹਿਲਾਦ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਸੁਖਰਾਮ ਕਲੋਨੀ ਪਟਿਆਲਾ ਨੇ ਥਾਣਾ ਅਨਾਜ ਮੰਡੀ ਵਿਖੇ ਆਪਣੀ ਲੜਕੀ ਸਿਮਰਨਜੀਤ ਕੌਰ ਦੀ ਗੁੰਮਸ਼ੁਦਗੀ ਅਤੇ ਘਰੋਂ ਜਾਣ ਸਬੰਧੀ ਇਤਲਾਹ ਦਿੱਤੀ ਸੀ, ਜਿਸ ‘ਤੇ ਮੁਕੱਦਮਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲੜਕੀ ਨੇ ਜਾਣ ਤੋਂ ਪਹਿਲਾ ਆਪਣੇ ਪਿਤਾ ਤੋਂ ਇੱਕ ਚੈੱਕ ਹਾਸਲ ਕਰਕੇ ਉਸਦੇ ਖਾਤੇ ਵਿਚੋਂ 1,80,000 ਰੁਪਏ ਕਢਵਾ ਲਏ ਸਨ।ਡੀ.ਐਸ.ਪੀ. ਸ. ਗਰੇਵਾਲ ਨੇ ਦੱਸਿਆ ਕਿ ਇਸ ਮੁਕੱਦਮੇ ਦੀ ਤਫਤੀਸ਼ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਦੀਆ ਹਦਾਇਤਾਂ ਅਨੁਸਾਰ ਕਪਤਾਨ ਪੁਲਿਸ (ਸਿਟੀ) ਸ੍ਰੀ ਹਰਮਨਦੀਪ ਸਿੰਘ ਹਾਂਸ ਤੇ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸ੍ਰੀ ਹਰਮੀਤ ਸਿੰਘ ਹੁੰਦਲ ਦੀ ਨਿਗਰਾਨੀ ਹੇਠ ਥਾਣਾ ਅਨਾਜ ਮੰਡੀ ਦੇ ਐਸ.ਐਚ.ਓ. ਐਸ.ਆਈ ਗੁਰਨਾਮ ਸਿੰਘ ਅਤੇ ਟੀਮ ਨੇ ਕੀਤੀ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਲੜਕੀ ਸੰਦੀਪ ਸਿੰਘ ਨੂੰ ਓਮੈਕਸ ਮਾਲ ਵਿਖੇ ਇੱਕ ਸ਼ੋਅਰੂਮ ਵਿਖੇ ਨੌਕਰੀ ਕਰਨ ਸਮੇਂ ਤੋਂ ਜਾਣਦੀ ਸੀ ਤੇ ਦੋਵਾਂ ਦੀ ਦੋਸਤੀ ਵਿਆਹ ਕਰਵਾਉਣ ਤੱਕ ਵਧ ਗਈ ਸੀ।ਲੜਕੀ ਸੰਦੀਪ ਸਿੰਘ ਨਾਲ ਵਿਆਹ ਕਰਵਾਉਣਾ ਚਾਹੁੰਦੀ ਪਰ ਉਹ ਤਿਆਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਸ ਮੁਕੱਦਮੇ ਦਾ ਦੂਸਰਾ ਦੋਸੀ ਰਿੰਕੂ ਜੋ ਕਿ ਸੰਦੀਪ ਸਿੰਘ ਦਾ ਦੋਸਤ ਹੈ, ਇਹ ਦੋਵੇਂ 22 ਨੰਬਰ ਫਾਟਕ ਨੇੜੇ ਇੱਕ ਸ਼ੋਅਰੂਮ ਵਿੱਚ ਨੌਕਰੀ ਕਰ ਰਹੇ ਸਨ।ਡੀ.ਐਸ.ਪੀ. ਸ. ਗਰੇਵਾਲ ਨੇ ਦੱਸਿਆ ਕਿ ਪੈਸਿਆਂ ਦੇ ਲਾਲਚ ਵਿਚ ਸੰਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਗੁਰੂ ਨਾਨਕ ਨਗਰ, ਪਟਿਆਲਾ ਅਤੇ ਰਿੰਕੂ ਪੁੱਤਰ ਰਾਮ ਸਿੰਘ ਵਾਸੀ ਜਹਾਂਗੀਰ ਪੁਰੀ ਨੇੜੇ ਜਗਜੀਵਨ ਰਾਮ ਹਸਪਤਾਲ ਅਜਾਦਪੁਰ ਮੰਡੀ, ਨਵੀਂ ਦਿੱਲੀ ਹਾਲ ਅਬਾਦ ਬਾਬੂ ਸਿੰਘ ਕਲੌਨੀ, ਪਟਿਆਲਾ ਨੇ ਮਿਤੀ 20-07-2019 ਨੂੰ ਸਿਮਰਨਜੀਤ ਕੌਰ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ 8 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।