ਵਿੰਡੀਜ਼ ਖ਼ਿਲਾਫ਼ ਭਾਰਤ ਦਾ ਦੂਜਾ ਮੈਚ ਅੱਜ
ਭਾਰਤੀ ਕ੍ਰਿਕਟ ਟੀਮ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦੇ ਦੂਜੇ ਮੁਕਾਬਲੇ ਲਈ ਐਤਵਾਰ ਨੂੰ ਇੱਥੇ ਵੈਸਟ ਇੰਡੀਜ਼ ਖ਼ਿਲਾਫ਼ ਉਤਰੇਗੀ। ਭਾਰਤੀ ਟੀਮ ਦੀਆਂ ਨਜ਼ਰਾਂ ਹੁਨਰਮੰਦ ਖਿਡਾਰੀ ਸ਼੍ਰੇਅਸ ਅਈਅਰ ਦੇ ਪ੍ਰਦਰਸ਼ਨ ’ਤੇ ਹੋਣਗੀਆਂ, ਜਿਸ ਕੋਲ ਚੌਥੇ ਨੰਬਰ ’ਤੇ ਬੱਲੇਬਾਜ਼ੀ ਲਈ ਥਾਂ ਪੱਕੀ ਕਰਨ ਦਾ ਮੌਕਾ ਹੋਵੇਗਾ।ਅਈਅਰ ਨੂੰ ਟੀ-20 ਲੜੀ ਦੌਰਾਨ ਟੀਮ ਵਿੱਚ ਮੌਕਾ ਨਹੀਂ ਮਿਲਿਆ ਸੀ, ਪਰ ਉਹ ਪਹਿਲੇ ਇੱਕ ਰੋਜ਼ਾ ਮੈਚ ਟੀਮ ਦਾ ਹਿੱਸਾ ਸੀ। ਗੁਆਨਾ ਵਿੱਚ ਮੀਂਹ ਤੋਂ ਪ੍ਰਭਾਵਿਤ ਇਹ ਮੈਚ ਸਿਰਫ਼ 13 ਓਵਰ ਤੱਕ ਖੇਡਿਆ ਜਾ ਸਕਿਆ ਅਤੇ ਲਗਾਤਾਰ ਮੀਂਹ ਪੈਣ ਕਾਰਨ ਮਗਰੋਂ ਰੱਦ ਕਰਨਾ ਪਿਆ। ਹੁਣ ਭਾਰਤੀ ਟੀਮ ਨੂੰ ਦੂਜੇ ਮੈਚ ਵਿੱਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ।ਇਸ ਗੱਲ ਦੀ ਸੰਭਾਵਨਾ ਕਾਫ਼ੀ ਘੱਟ ਹੈ ਕਿ ਭਾਰਤੀ ਟੀਮ ਬੱਲੇਬਾਜ਼ੀ ਕ੍ਰਮ ਵਿੱਚ ਕੋਈ ਬਦਲਾਅ ਕਰੇਗੀ। ਇਸ ਤਰ੍ਹਾਂ ਮੁੰਬਈ ਦੇ ਇਸ ਬੱਲੇਬਾਜ਼ ਕੋਲ ਦੂਜੇ ਮੈਚ ਵਿੱਚ ਆਪਣਾ ਹੁਨਰ ਵਿਖਾਉਣ ਦਾ ਮੌਕਾ ਹੋਵੇਗਾ। ਟੀਮ ਵਿੱਚ ਥਾਂ ਪੱਕੀ ਕਰਨ ਲਈ ਦੋ ਮੈਚਾਂ ਦਾ ਪ੍ਰਦਰਸ਼ਨ ਕਾਫ਼ੀ ਨਹੀਂ, ਪਰ ਚੰਗੀ ਬੱਲੇਬਾਜ਼ੀ ਭਵਿੱਖ ਵਿੱਚ ਜ਼ਰੂਰ ਲਾਹੇਵੰਦ ਹੋਵੇਗੀ। ਅਈਅਰ ਨੇ ਹਾਲ ਹੀ ਵਿੱਚ ਭਾਰਤ ‘ਏ’ ਲਈ ਖੇਡਦਿਆਂ ਵੈਸਟ ਇੰਡੀਜ਼ ‘ਏ’ ਖ਼ਿਲਾਫ਼ ਦੋ ਨੀਮ ਸੈਂਕੜੇ ਜੜੇ ਸਨ। ਕਪਤਾਨ ਵਿਰਾਟ ਕੋਹਲੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਦਾ ਸਾਥ ਮਿਲਣ ਕਾਰਨ ਅਈਅਰ ਦਾ ਰਾਹ ਸੌਖਾ ਹੋ ਸਕਦਾ ਹੈ। ਦਿੱਲੀ ਕੈਪੀਟਲਜ਼ ਦੇ ਇਸ ਕਪਤਾਨ ਨੂੰ ਮੱਧ ਕ੍ਰਮ ਵਿੱਚ ਮੌਕਾ ਮਿਲਣ ਦਾ ਅਰਥ ਹੈ ਕਿ ਲੋਕੇਸ਼ ਰਾਹੁਲ ਨੂੰ ਆਪਣੀ ਵਾਰੀ ਦੀ ਉਡੀਕ ਕਰਨੀ ਹੋਵੇਗੀ। ਲੜੀ ਦੇ ਪਹਿਲੇ ਮੁਕਾਬਲੇ ਨੂੰ ਦੇਖਦਿਆਂ ਪਤਾ ਚੱਲਦਾ ਹੈ ਕਿ ਰਾਹੁਲ ਨੂੰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਜਾਂ ਰੋਹਿਤ ਦੀ ਗ਼ੈਰ-ਮੌਜੂਦਗੀ ਵਿੱਚ ਹੀ ਸਲਾਮੀ ਬੱਲੇਬਾਜ਼ ਵਜੋਂ ਮੌਕਾ ਮਿਲੇਗਾ। ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੌਰਾਨ ਧਵਨ ਦੇ ਜ਼ਖ਼ਮੀ ਹੋਣ ਮਗਰੋਂ ਹੀ ਰਾਹੁਲ ਨੂੰ ਸਲਾਮੀ ਬੱਲੇਬਾਜ਼ ਵਜੋਂ ਉਤਾਰਿਆ ਗਿਆ ਸੀ।