ਭਾਰਤ ਖ਼ਿਲਾਫ਼ ਟੈਸਟ ਟੀਮ ’ਚੋਂ ਗੇਲ ਬਾਹਰ
ਭਾਰਤ ਖ਼ਿਲਾਫ਼ ਖੇਡੀ ਜਾਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਵਿੱਚ ਸਟਾਰ ਕ੍ਰਿਕਟਰ ਕ੍ਰਿਸ ਗੇਲ ਨੂੰ ਵੈਸਟ ਇੰਡੀਜ਼ ਕ੍ਰਿਕਟ ਟੀਮ ਵਿੱਚ ਥਾਂ ਨਹੀਂ ਦਿੱਤੀ ਗਈ। ਇਸ ਲਈ ਗੇਲ ਨੂੰ ਭਾਰਤ ਖ਼ਿਲਾਫ਼ ਵਿਦਾਇਗੀ ਮੈਚ ਮਿਲਣ ਦੀ ਉਮੀਦ ਨਹੀਂ ਹੈ।ਟੀਮ ਵਿੱਚ ਇਕਲੌਤਾ ਨਵਾਂ ਚਿਹਰਾ ਹਰਫ਼ਨਮੌਲਾ ਰਹਿਕੀਮ ਕੋਰਨਵਾਲ ਹੈ। ਗੇਲ ਨੇ ਪਿਛਲਾ ਟੈਸਟ ਮੈਚ 2014 ਵਿੱਚ ਬੰਗਲਾਦੇਸ਼ ਖ਼ਿਲਾਫ਼ ਖੇਡਿਆ ਸੀ। ਉਹ ਭਾਰਤ ਖ਼ਿਲਾਫ਼ ਪਹਿਲੇ ਇੱਕ ਰੋਜ਼ਾ ਮੈਚ ਦੌਰਾਨ ਲੈਅ ਵਿੱਚ ਨਹੀਂ ਦਿਸਿਆ ਅਤੇ ਕੁਲਦੀਪ ਯਾਦਵ ਦੀ ਗੇਂਦ ’ਤੇ ਆਊਟ ਹੋਣ ਤੋਂ ਪਹਿਲਾਂ 31 ਗੇਂਦਾਂ ਖੇਡ ਕੇ ਸਿਰਫ਼ ਚਾਰ ਦੌੜਾਂ ਹੀ ਬਣਾ ਸਕਿਆ ਸੀ। ਜੂਨ ਵਿੱਚ ਮਾਨਚੈਸਟਰ ਵਿੱਚ ਭਾਰਤ ਖ਼ਿਲਾਫ਼ ਵਿਸ਼ਵ ਕੱਪ ਮੈਚ ਤੋਂ ਪਹਿਲਾਂ ਗੇਲ ਨੇ ਆਖ਼ਰੀ ਟੈਸਟ ਮੈਚ ਆਪਣੇ ਘਰੇਲੂ ਮੈਦਾਨ ਸਬੀਨਾ ਪਾਰਕ (ਕਿੰਗਸਟਨ) ਵਿੱਚ ਖੇਡਣ ਦੀ ਇੱਛਾ ਜ਼ਾਹਰ ਕੀਤੀ ਸੀ। ਹਾਲਾਂਕਿ ਰੌਬਰਟ ਹਾਇਨੈੱਸ ਦੀ ਪ੍ਰਧਾਨਗੀ ਵਾਲੀ ਵੈਸਟ ਇੰਡੀਜ਼ ਚੋਣ ਕਮੇਟੀ ਨੇ ਅਜਿਹਾ ਨਹੀਂ ਕੀਤਾ।